17 ਦਵਾਈਆਂ ਨੂੰ ਮਿਆਦ ਪੁਗਾਉਣ ’ਤੇ ਤੁਰਤ ਨਸ਼ਟ ਕਰਨ ਦੀ ਸਲਾਹ ਜਾਰੀ
ਮਿੱਥੀ ਮਿਤੀ ਤੋਂ ਇਕ ਦਿਨ ਬਾਅਦ ਖਾਣ ਨਾਲ ਵੀ ਜਾਨਲੇਵਾ ਹੋ ਸਕਦੀ ਹੈ ਮਿਆਦ ਪੁਗਾਈ ਦਵਾਈ : ਡਰੱਗ ਰੈਲੇਟਰੀ ਸੰਸਥਾ ਸੀ.ਡੀ.ਐਸ.ਸੀ.ਓ.
ਨਵੀਂ ਦਿੱਲੀ : ਡਰੱਗ ਰੈਗੂਲੇਟਰੀ ਸੰਸਥਾ ਸੀ.ਡੀ.ਐਸ.ਸੀ.ਓ. ਨੇ 17 ਦਵਾਈਆਂ ਦੀ ਸੂਚੀ ਦਿਤੀ ਹੈ, ਜਿਨ੍ਹਾਂ ਦੀ ਮਿਆਦ ਖਤਮ ਹੋ ਚੁਕੀ ਹੈ ਜਾਂ ਉਨ੍ਹਾਂ ਦੀ ਵਰਤੋਂ ਨਾ ਹੋਣ ਉਤੇ ਉਨ੍ਹਾਂ ਨੂੰ ਕੂੜੇਦਾਨ ’ਚ ਸੁੱਟਣ ਦੀ ਬਜਾਏ ਪਖਾਨੇ ’ਚ ਸੁੱਟ ਦਿਤਾ ਜਾਣਾ ਚਾਹੀਦਾ ਹੈ ਤਾਂ ਜੋ ਘਰ ’ਚ ਲੋਕਾਂ ਅਤੇ ਪਾਲਤੂ ਜਾਨਵਰਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।
ਕੇਂਦਰੀ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ.ਡੀ.ਐੱਸ.ਸੀ.ਓ.) ਨੇ ਕਿਹਾ ਕਿ ਇਨ੍ਹਾਂ ’ਚ ਟਰਾਮਾਡੋਲ, ਟੈਪੈਂਟਾਡੋਲ, ਡਾਇਜੇਪਾਮ, ਆਕਸੀਕੋਡੋਨ ਅਤੇ ਫੈਂਟਾਨਿਲ ਸ਼ਾਮਲ ਹਨ, ਜੋ ਵਿਸ਼ੇਸ਼ ਤੌਰ ਉਤੇ ਨੁਕਸਾਨਦੇਹ ਹੋ ਸਕਦੇ ਹਨ ਅਤੇ ਕੁੱਝ ਮਾਮਲਿਆਂ ’ਚ ਸਿਰਫ ਇਕ ਖੁਰਾਕ ਨਾਲ ਘਾਤਕ ਹੋ ਸਕਦੇ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਦਵਾਈਆਂ ਦੀ ਵਰਤੋਂ ਦਰਦ, ਚਿੰਤਾ ਅਤੇ ਹੋਰ ਸਥਿਤੀਆਂ ਨੂੰ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ।
ਸੀ.ਡੀ.ਐਸ.ਸੀ.ਓ. ਨੇ ਮਿਆਦ ਪੁੱਗ ਚੁਕੀਆਂ ਜਾਂ ਅਣਵਰਤੀ ਦਵਾਈਆਂ ਦੇ ਨਿਪਟਾਰੇ ਉਤੇ ਅਪਣੇ ਮਾਰਗਦਰਸ਼ਨ ਦਸਤਾਵੇਜ਼ ’ਚ ਕਿਹਾ ਕਿ ਮਿਆਦ ਪੁੱਗ ਚੁਕੀਆਂ ਜਾਂ ਅਣਵਰਤੀਆਂ ਦਵਾਈਆਂ ਦਾ ਸੁਰੱਖਿਅਤ ਅਤੇ ਸਹੀ ਨਿਪਟਾਰਾ ਵਾਤਾਵਰਣ ਅਤੇ ਜਨਤਕ ਸਿਹਤ ਦੀ ਰੱਖਿਆ ਲਈ ਮਹੱਤਵਪੂਰਨ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਮਿਆਦ ਪੁੱਗ ਚੁਕੀਆਂ ਜਾਂ ਅਣਵਰਤੀ ਦਵਾਈਆਂ ਦਾ ਗਲਤ ਨਿਪਟਾਰਾ ਜਨਤਕ ਸਿਹਤ, ਜਾਨਵਰਾਂ ਦੀ ਸਿਹਤ ਅਤੇ ਵਾਤਾਵਰਣ ਲਈ ਖਤਰਨਾਕ ਹੋ ਸਕਦਾ ਹੈ। (ਪੀਟੀਆਈ)