ਅੰਬੇਦਕਰ ਚਾਹੁੰਦੇ ਸਨ ਕਿ ਨਿਆਂਪਾਲਿਕਾ ਕਾਰਜਪਾਲਿਕਾ ਦੇ ਦਖਲ ਤੋਂ ਮੁਕਤ ਹੋਵੇ : ਚੀਫ਼ ਜਸਟਿਸ ਗਵਈ
'ਅੰਬੇਦਕਰ ਨੇ ਕਿਹਾ ਸੀ ਕਿ ਅਸੀਂ ਸਾਰੇ ਸੰਵਿਧਾਨ ਦੀ ਸਰਵਉੱਚਤਾ ਵਿਚ ਵਿਸ਼ਵਾਸ ਕਰਦੇ ਹਾਂ '
ਮੁੰਬਈ : ਚੀਫ਼ ਜਸਟਿਸ ਬੀ.ਆਰ. ਗਵਈ ਨੇ ਕਿਹਾ ਹੈ ਕਿ ਡਾ. ਬੀ.ਆਰ. ਅੰਬੇਦਕਰ ਨੇ ਸੰਵਿਧਾਨ ਦੀ ਸਰਵਉੱਚਤਾ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਦਾ ਮੰਨਣਾ ਸੀ ਕਿ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਦੇ ਦਖਲ ਤੋਂ ਮੁਕਤ ਹੋਣਾ ਚਾਹੀਦਾ ਹੈ। ਉਹ ਮਹਾਰਾਸ਼ਟਰ ਵਿਧਾਨ ਸਭਾ ਵਲੋਂ ਚੋਟੀ ਦੇ ਨਿਆਂਇਕ ਅਹੁਦੇ ਉਤੇ ਤਰੱਕੀ ਮਿਲਣ ਉਤੇ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਬੋਲ ਰਹੇ ਸਨ।
ਗਵਈ ਨੇ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅੰਬੇਦਕਰ ਨੇ ਕਿਹਾ ਸੀ ਕਿ ਅਸੀਂ ਸਾਰੇ ਸੰਵਿਧਾਨ ਦੀ ਸਰਵਉੱਚਤਾ ਵਿਚ ਵਿਸ਼ਵਾਸ ਕਰਦੇ ਹਾਂ ਜੋ ਸ਼ਾਂਤੀ ਅਤੇ ਜੰਗ ਦੌਰਾਨ ਦੇਸ਼ ਨੂੰ ਇਕਜੁੱਟ ਰੱਖੇਗਾ।’’ ਚੀਫ ਜਸਟਿਸ ਨੇ ਕਿਹਾ ਕਿ ਸੰਵਿਧਾਨ ਤਿੰਨ ਪੱਖ - ਕਾਰਜਪਾਲਿਕਾ, ਵਿਧਾਨ ਸਭਾ ਅਤੇ ਨਿਆਂਪਾਲਿਕਾ ਨੂੰ ਅਧਿਕਾਰ ਦਿੰਦਾ ਹੈ ਅਤੇ ਅੰਬੇਦਕਰ ਅਨੁਸਾਰ ਨਿਆਂਪਾਲਿਕਾ ਨੂੰ ਨਾਗਰਿਕਾਂ ਦੇ ਅਧਿਕਾਰਾਂ ਦੀ ਨਿਗਰਾਨੀ ਅਤੇ ਰੱਖਿਅਕ ਵਜੋਂ ਕੰਮ ਕਰਨਾ ਚਾਹੀਦਾ ਹੈ।
ਉਨ੍ਹਾਂ ਅੱਗੇ ਕਿਹਾ, ‘‘ਅੰਬੇਦਕਰ ਨੇ ਇਹ ਵੀ ਕਿਹਾ ਕਿ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਦੇ ਦਖਲ ਤੋਂ ਮੁਕਤ ਹੋਣਾ ਚਾਹੀਦਾ ਹੈ।’’ ਸੀ.ਜੇ.ਆਈ. ਨੇ ਅੰਬੇਦਕਰ ਦੇ ਹਵਾਲੇ ਨਾਲ ਇਹ ਵੀ ਕਿਹਾ ਕਿ ਸੰਵਿਧਾਨ ਸਥਿਰ ਨਹੀਂ ਹੋ ਸਕਦਾ, ਇਸ ਨੂੰ ਜੈਵਿਕ ਹੋਣਾ ਚਾਹੀਦਾ ਹੈ ਅਤੇ ਵਿਕਸਤ ਹੁੰਦਾ ਰਹਿਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿਧਾਨ ਸਭਾ ਦੇ ਦੋਹਾਂ ਸਦਨਾਂ ਨੇ ਗਵਈ ਨੂੰ ਚੋਟੀ ਦੇ ਅਹੁਦੇ ਉਤੇ ਤਰੱਕੀ ਉਤੇ ਵਧਾਈ ਦਿਤੀ। ਵਿਧਾਨ ਸਭਾ ਵਲੋਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ।