Thane News : ਮਰਾਠੀ ਭਾਸ਼ਾ ਦੇ ਮੁੱਦੇ ਨੂੰ ਲੈ ਕੇ ਰੋਸ ਮਾਰਚ 'ਚ ਭਾਰੀ ਡਰਾਮਾ
Thane News : ਮਨਸੇ ਵਰਕਰਾਂ ਨੂੰ ਹਿਰਾਸਤ 'ਚ ਲਿਆ ਗਿਆ, ਸ਼ਿਵ ਸੈਨਾ ਮੰਤਰੀ ਨਾਲ ਕੁੱਟਮਾਰ
Thane News in Punjabi : ਮੁੰਬਈ ਨੇੜੇ ਮੀਰਾ ਭਾਯੰਦਰ ’ਚ ਉਸ ਸਮੇਂ ਭਾਰੀ ਡਰਾਮਾ ਵੇਖਣ ਨੂੰ ਮਿਲਿਆ ਜਦੋਂ ਸੈਂਕੜੇ ਲੋਕਾਂ ਨੇ ਮਰਾਠੀ ‘ਅਸਮਿਤਾ’ (ਮਾਣ) ਦੀ ਰੱਖਿਆ ਲਈ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮ.ਐੱਨ.ਐੱਸ.) ਦੇ ਬੈਨਰ ਹੇਠ ਰੈਲੀ ਕੀਤੀ। ਪੁਲਿਸ ਦੇ ਇਨਕਾਰ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਅਤੇ ‘ਮੀ ਮਰਾਠੀ’ ਟੋਪੀਆਂ ਪਹਿਨ ਕੇ ਮੂਲ ਰਸਤੇ ਉਤੇ ਮਾਰਚ ਕੀਤਾ। ਇਹ ਵਿਵਾਦ ਮਰਾਠੀ ਨਾ ਬੋਲਣ ਉਤੇ ਇਕ ਦੁਕਾਨਦਾਰ ਉਤੇ ਹੋਏ ਹਮਲੇ ਤੋਂ ਬਾਅਦ ਭੜਕਿਆ ਸੀ।
ਸ਼ਿਵ ਸੈਨਾ-ਯੂ.ਬੀ.ਟੀ. ਅਤੇ ਐਨ.ਸੀ.ਪੀ.-ਐਸ.ਪੀ. ਨੇਤਾਵਾਂ ਦੇ ਸਮਰਥਨ ਵਾਲੇ ਮਾਰਚ ਵਿਚ ਪੁਲਿਸ ਨੇ ਐਮ.ਐਨ.ਐਸ. ਨੇਤਾ ਅਵਿਨਾਸ਼ ਜਾਧਵ ਸਮੇਤ ਕਈ ਕਾਰਕੁਨਾਂ ਨੂੰ ਹਿਰਾਸਤ ਵਿਚ ਲਿਆ।
ਇਸ ਦੌਰਾਨ ਪ੍ਰਦਰਸ਼ਨ ’ਚ ਸ਼ਾਮਲ ਹੋਏ ਮੰਤਰੀ ਪ੍ਰਤਾਪ ਸਰਨਾਇਕ ਨੂੰ ਪ੍ਰਦਰਸ਼ਨਕਾਰੀਆਂ ਨੇ ‘ਗੱਦਾਰ’ ਦੇ ਨਾਅਰੇ ਲਾਉਂਦੇ ਹੋਏ ਕੁੱਟਿਆ। ਜਦਕਿ ਸਰਨਾਇਕ ਨੇ ਪੁਲਿਸ ਦੀਆਂ ਕਾਰਵਾਈਆਂ ਨੂੰ ‘ਪੂਰੀ ਤਰ੍ਹਾਂ ਗਲਤ’ ਦਸਦਿਆਂ ਕਿਹਾ, ‘‘ਸਰਕਾਰ ਨੇ ਸ਼ਾਂਤਮਈ ਮੋਰਚੇ ਨੂੰ ਦਬਾਉਣ ਲਈ ਅਜਿਹੀਆਂ ਕੋਈ ਹਦਾਇਤਾਂ ਜਾਰੀ ਨਹੀਂ ਕੀਤੀਆਂ।’’
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਪੁਲਿਸ ਕਾਰਵਾਈ ਦਾ ਬਚਾਅ ਕਰਦਿਆਂ ਕਿਹਾ, ‘‘ਮੰਗੇ ਗਏ ਰਸਤੇ ਲਈ ਇਜਾਜ਼ਤ ਦੇਣਾ ਮੁਸ਼ਕਲ ਸੀ... ਹੋ ਸਕਦਾ ਹੈ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਬਣੀ ਹੋਵੇ।’’ ਜਦਕਿ ਐਮ.ਐਨ.ਐਸ. ਦੇ ਸੰਦੀਪ ਦੇਸ਼ਪਾਂਡੇ ਨੇ ਕਿਹਾ, ‘‘ਇਹ ਸਾਡੀ ਆਵਾਜ਼ ਨੂੰ ਦਬਾਉਣ ਦੀ ਚਾਲ ਤੋਂ ਇਲਾਵਾ ਕੁੱਝ ਨਹੀਂ ਹੈ।’’
ਇਹ ਵਿਵਾਦ ਉਸ ਸਮੇਂ ਪੈਦਾ ਹੋਇਆ ਹੈ ਜਦੋਂ ਹਿੰਦੀ ਨੂੰ ਤੀਜੀ ਪ੍ਰਾਇਮਰੀ ਸਕੂਲ ਭਾਸ਼ਾ ਵਜੋਂ ਪੇਸ਼ ਕਰਨ ਵਾਲੇ ਸਰਕਾਰੀ ਹੁਕਮ ਨੂੰ ਰੱਦ ਕਰ ਦਿਤਾ ਗਿਆ ਹੈ। ਇਸ ਮੁੱਦੇ ’ਤੇ ਊਧਵ ਅਤੇ ਰਾਜ ਠਾਕਰੇ ਦੋ ਦਹਾਕਿਆਂ ਬਾਅਦ ਸਿਆਸੀ ਤੌਰ ਉਤੇ ਇਕੱਠੇ ਹੋ ਗਏ ਹਨ, ਜਿਸ ਨਾਲ ਮਹਾਰਾਸ਼ਟਰ ਦੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਸ਼ਾ ਦੀ ਸਿਆਸਤ ਤੇਜ਼ ਹੋ ਗਈ ਹੈ।
(For more news apart from Huge drama in protest march over Marathi language issue News in Punjabi, stay tuned to Rozana Spokesman)