ਕੇ ਐਮ ਜੋਜ਼ੇਫ਼ ਸਮੇਤ ਤਿੰਨਾਂ ਨੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁੱਕੀ
ਜਸਟਿਸ ਇੰਦਰਾ ਬੈਨਰਜੀ, ਵਿਨੀਤ ਸਰਨ ਅਤੇ ਕੇ ਐਮ ਜੋਜ਼ੇਫ਼ ਨੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁੱਕ ਲਈ...............
ਨਵੀਂ ਦਿੱਲੀ : ਜਸਟਿਸ ਇੰਦਰਾ ਬੈਨਰਜੀ, ਵਿਨੀਤ ਸਰਨ ਅਤੇ ਕੇ ਐਮ ਜੋਜ਼ੇਫ਼ ਨੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁੱਕ ਲਈ। ਸਹੁੰ-ਚੁੱਕ ਸਮਾਗਮ ਸਵੇਰੇ ਸਾਢੇ ਦਸ ਵਜੇ ਮੁੱਖ ਜੱਜ ਦੇ ਕੋਰਟਰੂਮ ਵਿਚ ਹੋਇਆ। ਜਸਟਿਸ ਬੈਨਰਜੀ ਨੇ ਸੀਨੀਆਰਤਾ ਦੇ ਹਿਸਾਬ ਨਾਲ ਸੱਭ ਤੋਂ ਪਹਿਲਾਂ ਸਹੁੰ ਚੁੱਕੀ। ਮੁੱਖ ਜੱਜ ਦੀਪਕ ਮਿਸਰਾ ਨੇ ਤਿੰਨਾਂ ਜੱਜਾਂ ਨੂੰ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਕੋਰਟਰੂਮ ਵਿਚ ਸਾਰੇ ਜੱਜ, ਕਾਨੂੰਨ ਅਧਿਕਾਰੀ ਅਤੇ ਵਕੀਲ ਮੌਜੂਦ ਸਨ। ਤਿੰਨਾਂ ਜੱਜਾਂ ਦੀ ਨਿਯੁਕਤੀ ਨਾਲ ਸੁਪਰੀਮ ਕੋਰਟ ਵਿਚ ਜੱਜਾਂ ਦੀ ਗਿਣਤੀ 25 ਹੋ ਗਈ ਹੈ ਜਦਕਿ ਮਨਜ਼ੂਰਸ਼ੁਦਾ ਆਸਾਮੀਆਂ 31 ਹਨ।
ਜਸਟਿਸ ਬੈਨਰਜੀ ਮਦਰਾਸ ਹਾਈ ਕੋਰਟ ਦੀ ਮੁੱਖ ਜੱਜ, ਜਸਟਿਸ ਸਰਨ ਅਤੇ ਜਸਟਿਸ ਜੋਜ਼ੇਫ਼ ਕ੍ਰਮਵਾਰ ਉੜੀਸਾ ਅਤੇ ਉਤਰਾਖੰਡ ਹਾਈ ਕੋਰਟਾਂ ਦੇ ਮੁੱਖ ਜੱਜ ਸਨ। ਜਸਟਿਸ ਜੋਜ਼ੇਫ਼ ਦੀ ਸੀਨੀਆਰਤਾ ਦਾ ਮਸਲਾ ਹਾਲੇ ਹੱਲ ਨਹੀਂ ਹੋਇਆ। ਕਲ ਕੁੱਝ ਜੱਜਾਂ ਨੇ ਮੁੱਖ ਜੱਜ ਨੂੰ ਮਿਲ ਕੇ ਕੇਂਦਰ ਦੁਆਰਾ ਜਸਟਿਸ ਜੋਜ਼ੇਫ਼ ਦੀ ਸੀਨੀਆਰਤਾ ਘਟਾਏ ਜਾਣ ਦਾ ਮਾਮਲਾ ਚੁਕਿਆ ਸੀ ਅਤੇ ਨਾਰਾਜ਼ਗੀ ਪ੍ਰਗਟ ਕੀਤੀ ਸੀ। ਸੂਤਰਾਂ ਨੇ ਕਿਹਾ ਸੀ ਕਿ ਇਸ ਸਟੇਜ 'ਤੇ ਮਾਮਲੇ ਦਾ ਹੱਲ ਨਹੀਂ ਹੋ ਸਕਦਾ ਅਤੇ ਜੱਜਾਂ ਨੂੰ ਸਹੁੰ ਚੁਕਣੀ ਹੀ ਪਵੇਗੀ।
ਮੁੱਖ ਜੱਜ ਨੇ ਜੱਜਾਂ ਨੂੰ ਭਰੋਸਾ ਦਿਤਾ ਸੀ ਕਿ ਉਹ ਕੇਂਦਰ ਕੋਲ ਮਾਮਲਾ ਚੁਕਣਗੇ। ਸੁਪਰੀਮ ਕੋਰਟ ਦੇ ਇਤਿਹਾਸ ਵਿਚ ਪਹਿਲੀ ਵਾਰ ਮਹਿਲਾ ਜੱਜਾਂ ਦੀ ਮੌਜੂਦਾ ਗਿਣਤੀ ਤਿੰਨ ਹੋ ਗਈ ਹੈ। ਆਜ਼ਾਦੀ ਮਗਰੋਂ ਜਸਟਿਸ ਬੈਨਰਜੀ ਸੁਪਰੀਮ ਕੋਰਟ ਦੀ ਅਠਵੀਂ ਮਹਿਲਾ ਜੱਜ ਹੈ। ਉਨ੍ਹਾਂ ਤੋਂ ਪਹਿਲਾਂ ਵਕੀਲ ਇੰਦੂ ਮਲਹੋਤਰ ਸੁਪਰੀਮ ਕੋਰਟ ਦੀ ਸਤਵੀਂ ਮਹਿਲਾ ਜੱਜ ਬਣੀ ਸੀ। ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਜਸਟਿਸ ਫ਼ਾਤਿਮਾ ਬੀਵੀ ਸੀ ਜਿਸ ਦੀ ਨਿਯੁਕਤੀ ਆਜ਼ਾਦੀ ਤੋਂ 39 ਸਾਲ ਮਗਰੋਂ ਸਾਲ 1989 ਵਿਚ ਹੋਈ ਸੀ। (ਪੀਟੀਆਈ)