ਦ੍ਰਾਵਿੜ ਰਾਜਨੀਤੀ ਦੇ ਸ਼ਾਹਸਵਾਰ ਕਰੁਣਾਨਿਧੀ ਨਹੀਂ ਰਹੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡੀਐਮਕੇ ਦੇ ਮੁਖੀ ਅਤੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ ਲੰਮੇ ਸਮੇਂ ਤੋਂ ਬੀਮਾਰੀ ਨਾਲ ਜੂਝਦਿਆਂ ਆਖ਼ਰ ਦਮ ਤੋੜ ਗਏ.............

M. Karunanidhi

ਚੇਨਈ : ਡੀਐਮਕੇ ਦੇ ਮੁਖੀ ਅਤੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ ਲੰਮੇ ਸਮੇਂ ਤੋਂ ਬੀਮਾਰੀ ਨਾਲ ਜੂਝਦਿਆਂ ਆਖ਼ਰ ਦਮ ਤੋੜ ਗਏ। 94 ਸਾਲਾ ਆਗੂ ਨੇ ਸ਼ਹਿਰ ਦੇ ਹਸਪਤਾਲ ਵਿਚ ਸ਼ਾਮ 6.10 ਵਜੇ ਆਖ਼ਰੀ ਸਾਹ ਲਿਆ। ਕਾਵੇਰੀ ਹਸਪਤਾਲ ਦੇ ਕਾਰਜਕਾਰੀ ਨਿਦਰੇਸ਼ਕ ਡਾ. ਅਰਵਿੰਦਨ ਸੇਲਵਰਾਜ ਦੇ ਬਿਆਨ ਮੁਤਾਬਕ ਕਰੁਣਾਨਿਧੀ ਦੀ ਹਾਲਤ ਕਾਫ਼ੀ ਨਾਜ਼ੁਕ ਸੀ ਤੇ ਉਨ੍ਹਾਂ ਨੂੰ ਬਚਾਉਣ ਦੇ ਬਹੁਤ ਯਤਨ ਕੀਤੇ ਗਏ। ਆਖ਼ਰਕਾਰ ਸ਼ਾਮ 6.10 ਵਜੇ ਉਹ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ।

ਦ੍ਰਾਵਿੜ ਰਾਜਨੀਤੀ ਦੇ ਸ਼ਾਹਸਵਾਰ ਆਗੂ ਨੂੰ ਲਹੂ ਦਾ ਦਬਾਅ ਘੱਟ ਜਾਣ ਕਾਰਨ 28 ਜੁਲਾਈ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਹ ਉਦੋਂ ਤੋਂ ਹੀ ਆਈਸੀਯੂ ਵਿਚ ਭਰਤੀ ਸਨ। 1924 ਵਿਚ ਜਨਮੇ ਕਰੁਣਾਨਿਧੀ ਦੇ ਸੈਂਕੜੇ ਸਮਰਥਕ ਕਲ ਤੋਂ ਹੀ ਹਸਪਤਾਲ ਦੇ ਬਾਹਰ ਇਕੱਠੇ ਹੋਣ ਲੱਗੇ ਪਏ ਸਨ। ਜਿਉਂ ਹੀ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਫੈਲੀ ਤਾਂ ਬੇਸ਼ੁਮਾਰ ਸਮਰਥਕ ਹਸਪਤਾਲ ਦੇ ਬਾਹਰ ਪੁੱਜ ਗਏ ਜਿਨ੍ਹਾਂ ਵਿਚੋਂ ਕਈ ਤਾਂ ਜ਼ਾਰ-ਜ਼ਾਰ ਰੋ ਰਹੇ ਸਨ। ਹਸਪਤਾਲ ਦੇ ਬਾਹਰ ਜ਼ਜਬਾਤੀ ਢੰਗ ਨਾਲ ਅਰਦਾਸ ਕਰ ਰਹੇ ਸਮਰਥਕਾਂ ਨੂੰ ਵੇਖਿਆ ਜਾ ਸਕਦਾ ਸੀ।

ਸਮਰਥਕਾਂ ਨੇ ਹੱਥਾਂ ਵਿਚ ਕਾਲੇ ਤੇ ਲਾਲ ਝੰਡੇ ਫੜੇ ਹੋਏ ਸਨ ਅਤੇ ਕਈਆਂ ਨੇ ਕਰੁਣਾਨਿਧੀ ਦੀਆਂ ਤਸਵੀਰਾਂ ਚੁੱਕੀਆਂ ਹੋਈਆਂ ਸਨ। ਸੱਤ ਦਹਾਕਿਆਂ ਤਕ ਦ੍ਰਾਵਿੜ ਸਿਆਸਤ ਵਿਚ ਛਾਏ ਰਹੇ ਕਰੁਣਾਨਿਧੀ ਤਾਮਿਲਨਾਡੂ ਦੇ ਪੰਜ ਵਾਰ ਮੁੱਖ ਮੰਤਰੀ ਰਹੇ। ਕਿਸੇ ਸਮੇਂ ਤਾਮਿਲ ਫ਼ਿਲਮਾਂ ਦੇ ਮਸ਼ਹੂਰ ਪਟਕਥਾ ਲੇਖਕ ਰਹੇ। ਜਦ ਉਨ੍ਹਾਂ ਦੀ ਬੇਹੱਦ ਨਾਜ਼ੁਕ ਹਾਲਤ ਦੀ ਖ਼ਬਰ ਆਈ

ਤਾਂ ਕਰੁਣਾਨਿਧੀ ਦੇ ਪੁੱਤਰ ਅਤੇ ਡੀਐਮਕੇ ਦੇ ਕਾਰਜਕਾਰੀ ਪ੍ਰਧਾਨ ਐਮ ਕੇ ਸਟਾਲਿਨ ਮੁੱਖ ਮੰਤਰੀ ਕੇ ਪਲਾਨੀਸਵਾਮੀ ਨੂੰ ਮਿਲਣ ਉਸ ਦੇ ਘਰ ਗਏ ਅਤੇ ਉਨ੍ਹਾਂ ਨਾਲ ਕੁੱਝ ਸਮੇਂ ਤਕ ਬੰਦ ਕਮਰਾ ਬੈਠਕ ਕੀਤੀ। ਪਲਾਨੀਸਵਾਮੀ ਨੇ ਉੱਚ ਅਧਿਕਾਰੀਆਂ ਨਾਲ ਵੀ ਬੈਠਕ ਕੀਤੀ ਜਿਸ ਤੋਂ ਬਾਅਦ ਹਸਪਤਾਲ ਦੇ ਬਾਹਰ ਸੁਰੱਖਿਆ ਵਧਾ ਦਿਤੀ ਗਈ। ਸਾਰੇ ਸੂਬੇ ਵਿਚ ਸੁਰੱਖਿਆ ਸਖ਼ਤ ਕਰ ਦਿਤੀ ਗਈ ਹੈ। (ਪੀਟੀਆਈ)