ਆਈ.ਏ.ਐਸ ਅਫਸਰ ਦੀ ਆਈ.ਆਰ.ਐੱਸ. ਅਫਸਰ ਪਤਨੀ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਦੇ ਜੈਪੁਰ ਤੋਂ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ

IAS Officer's wife committed suicide

ਜੈਪੁਰ, ਰਾਜਸਥਾਨ ਦੇ ਜੈਪੁਰ ਤੋਂ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਚੰਡੀਗੜ੍ਹ 'ਚ ਡਿਊਟੀ 'ਤੇ ਤੈਨਾਤ ਆਈ.ਏ.ਐਸ ਅਫਸਰ ਦੀ ਪਤਨੀ ਜੋ ਇੰਡੀਅਨ ਰੈਵਿਨਿਊ ਸਰਵਿਸ (ਆਈ. ਆਰ. ਐੱਸ.) 'ਚ ਉੱਚ ਅਹੁਦੇ 'ਤੇ ਅਫ਼ਸਰ ਸੀ, ਨੇ ਜੈਪੁਰ ਜ਼ਿਲ੍ਹੇ ਦੇ ਬਜਾਜ ਨਗਰ 'ਚ ਆਪਣੇ ਘਰ 'ਚ ਹੀ ਖੁਦਕੁਸ਼ੀ ਕਰ ਲਈ। 
ਦੱਸ ਦਈਏ ਕਿ ਮ੍ਰਿਤਕ ਦਾ ਨਾਮ ਬਿਨੀ ਸ਼ਰਮਾ ਸੀ। 35 ਸਾਲਾ ਬਿਨੀ ਸ਼ਰਮਾ ਦੀ ਲਾਸ਼ ਉਸ ਦੇ ਘਰ ਏ.ਜੀ ਕਲੋਨੀ (ਬਜਾਜ ਨਗਰ) ਵਿਚ ਲਟਕੀ ਹੋਈ ਮਿਲੀ।

ਜੈਪੁਰ ਦੇ ਡਿਪਟੀ ਕਮਿਸ਼ਨਰ, ਗੌਰਵ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਅੱਧੀ ਰਾਤ ਤੋਂ ਬਾਅਦ ਸੂਚਨਾ ਮਿਲੀ ਤਾਂ ਪੁਲਿਸ ਦੀ ਟੀਮ ਤੁਰੰਤ ਮੌਕੇ 'ਤੇ ਪੁੱਜ ਗਈ।
ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਨੇ ਤਿੰਨ ਲਾਈਨਾਂ ਦਾ ਇਕ ਸੁਸਾਇਡ ਨੋਟ ਬਰਾਮਦ ਕੀਤਾ ਹੈ, ਜਿਸ 'ਚ ਲਿਖਿਆ ਹੈ ਕਿ, "ਮੈਂ ਪਿਛਲੇ 9 ਸਾਲਾਂ ਤੋਂ ਝੂਠ ਅਤੇ ਹਾਰ ਨਾਲ ਭਰ ਰਹੀ ਹਾਂ। ਮੇਰੇ ਪਤੀ ਤੇ ਉਸਦੀ ਮਾਂ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ, ਰੱਬ ਮੇਰੇ ਬੱਚਿਆਂ ਦੀ ਦੇਖਭਾਲ ਕਰੇ। ਇਸ ਖ਼ੁਦਕੁਸ਼ੀ ਦੀ ਚਿਠੀ ਵਿਚ ਬਿਨੀ ਸ਼ਰਮਾ ਨੇ ਅਪਣੀ ਮੌਤ ਦਾ ਕਾਰਨ ਸਿੱਧਾ ਸਿੱਧਾ ਅਪਣੇ ਪਤੀ ਅਤੇ ਸਹੁਰੇ ਪਰਿਵਾਰ ਨੂੰ ਠਹਿਰਾਇਆ ਹੈ।

ਦੱਸਣਯੋਗ ਹੈ ਕਿ ਮ੍ਰਿਤਕ ਮਹਿਲਾ ਅਫਸਰ ਦੇ ਪਤੀ ਗੁਰਮੀਤ ਵਾਲੀਆ, ਇੱਕ ਆਈ.ਏ.ਐਸ ਅਧਿਕਾਰੀ ਹਨ ਅਤੇ ਇਸ ਸਮੇਂ ਚੰਡੀਗੜ੍ਹ ਵਿਚ ਅਪਣੀਆਂ ਸੇਵਾਵਾਂ ਨਿਭਾ ਰਹੇ ਹਨ। ਡੀ.ਸੀ ਨੇ ਦੱਸਿਆ ਕਿ "ਮੁੱਢਲੀ ਜਾਣਕਾਰੀ ਅਨੁਸਾਰ, ਮਹਿਲਾ ਪਿਛਲੇ ਕੁਝ ਸਾਲਾਂ ਤੋਂ ਆਪਣੇ ਵਿਆਹੁਤਾ ਜੀਵਨ ਕਾਰਨ ਮਾਨਸਿਕ ਤੋਰ 'ਤੇ ਪਰੇਸ਼ਾਨ ਰਹਿੰਦੀ ਸੀ।

ਘਟਨਾ ਦੇ ਤੁਰਤ ਬਾਅਦ, ਉਸ ਦੇ ਪਤੀ ਨਾਲ ਸੰਪਰਕ ਕੀਤਾ ਗਿਆ। ਪਰ ਇਸ ਘਟਨਾ ਦੀ ਖ਼ਬਰ ਮਿਲਣ ਤੋਂ ਬਾਅਦ ਉਹ ਅਜੇ ਘਟਨਾ ਸਥਾਨ 'ਤੇ ਨਹੀਂ ਪਹੁੰਚ ਸਕੇ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਜੈਪੁਰੀਆ ਹਸਪਤਾਲ ਭੇਜ ਦਿੱਤਾ ਗਿਆ। ਪੋਸਟਮਾਰਟਮ ਤੋਂ ਬਾਅਦ, ਲਾਸ਼ ਦਾ ਅੰਤਮ ਸਸਕਾਰ ਕੀਤਾ ਗਿਆ।