ਦੇਸ਼ ਵਿਚ ਕੋਰੋਨਾ ਦੇ ਮਾਮਲੇ 20 ਲੱਖ ਦੇ ਪਾਰ ਪਹੁੰਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਹਿਲੀ ਵਾਰ 60 ਹਜ਼ਾਰ ਤੋਂ ਵੱਧ ਮਾਮਲੇ ਆਏ ਸਾਹਮਣੇ, 886 ਮੌਤਾਂ

Covid 19

ਨਵੀਂ ਦਿੱਲੀ, 7 ਅਗੱਸਤ : ਭਾਰਤ ਵਿਚ 24 ਘੰਟਿਆਂ ਅੰਦਰ ਪਹਿਲੀ ਵਾਰ ਕੋਰੋਨਾ ਵਾਇਰਸ ਦੇ 60 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਉਣ ਮਗਰੋਂ ਸ਼ੁਕਰਵਾਰ ਨੂੰ ਦੇਸ਼ ਵਿਚ ਲਾਗ ਦੇ ਕੁਲ ਮਾਮਲਿਆਂ ਦੀ ਗਿਣਤੀ 20 ਲੱਖ ਨੂੰ ਪਾਰ ਕਰ ਗਈ। ਇਸ ਬੀਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 13.78 ਲੱਖ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ।

ਮਹਿਜ਼ ਦੋ ਦਿਨ ਪਹਿਲਾਂ ਕੋਰੋਨਾ ਵਾÎਇਰਸ ਦੇ ਮਾਮਲਿਆਂ ਦਾ ਅੰਕੜਾ 19 ਲੱਖ ਦੇ ਪਾਰ ਪਹੁੰਚਿਆ ਸੀ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਇਕ ਲੱਖ ਤਕ ਪਹੁੰਚਣ ਵਿਚ 110 ਦਿਨਾਂ ਦਾ ਵਕਤ ਲੱਗਾ ਅਤੇ 59 ਦਿਨਾਂ ਵਿਚ ਇਹ ਅੰਕੜਾ 10 ਲੱਖ ਦੇ ਪਾਰ ਚਲਾ ਗਿਆ ਹੈ। ਇਸ ਤੋਂ ਬਾਅਦ ਲਾਗ ਦੇ ਮਾਮਲਿਆਂ ਨੂੰ 20 ਲੱਖ ਦਾ ਅੰਕੜਾ ਪਾਰ ਕਰਨ ਵਿਚ ਮਹਿਜ਼ 21 ਦਿਨਾਂ ਦਾ ਸਮਾਂ ਲੱਗਾ। ਇਹ ਲਗਾਤਾਰ ਨੌਵਾਂ ਦਿਨ ਹੈ ਜਦ ਕੋਵਿਡ-19 ਦੇ ਇਕ ਦਿਨ ਵਿਚ 50 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਕ ਦਿਨ ਵਿਚ ਕੋਰੋਨਾ ਦੇ 62538 ਮਾਮਲੇ ਆਉਣ ਨਾਲ ਲਾਗ ਦੇ ਕੁਲ ਮਾਮਲੇ 2027074 'ਤੇ ਪਹੁੰਚ ਗਏ। ਬੀਤੇ 24 ਘੰਟਿਆਂ ਵਿਚ 886 ਹੋਰ ਲੋਕਾਂ ਨੇ ਇਸ ਬੀਮਾਰੀ ਕਾਰਨ ਦਮ ਤੋੜਿਆ ਜਿਸ ਨਾਲ ਮ੍ਰਿਤਕਾਂ ਦੀ ਕੁਲ ਗਿਣਤੀ 41585 ਹੋ ਗਈ ਹੈ।

ਇਸ ਬੀਮਾਰੀ ਤੋਂ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 1378105 ਹੋ ਗਈ ਯਾਨੀ ਦੇਸ਼ ਵਿਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ 67.98 ਫ਼ੀ ਸਦੀ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿਚ ਫ਼ਿਲਹਾਲ 607384 ਮਰੀਜ਼ ਇਲਾਜ ਅਧੀਨ ਹਨ ਜੋ ਲਾਗ ਦੇ ਕੁਲ ਮਾਮਲਿਆਂ ਦਾ 29.96 ਫ਼ੀ ਸਦੀ ਹਨ। ਮਰਨ ਵਾਲੇ ਮਰੀਜ਼ਾਂ ਦੀ ਦਰ ਡਿੱਗ ਕੇ 2.07 ਫ਼ੀ ਸਦੀ ਰਹਿ ਗਈ। ਛੇ ਅਗੱਸਤ ਤਕ ਕੋਵਿਡ-19 ਲਈ 22788393 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 639042 ਨਮੂਨਿਆਂ ਦੀ ਜਾਂਚ ਵੀਰਵਾਰ ਨੂੰ ਕੀਤੀ ਗਈ।

24 ਘੰਟਿਆਂ ਵਿਚ ਹੋਈਆਂ ਮੌਤਾਂ ਵਿਚ ਸੱਭ ਤੋਂ ਵੱਧ 316 ਦੀ ਮਹਾਰਾਸ਼ਟਰ, 110 ਦੀ ਤਾਮਿਲਨਾਡੂ, 93 ਦੀ ਕਰਨਾਟਕ, 72 ਦੀ ਆਂਧਰਾ ਪ੍ਰਦੇਸ਼, 61 ਦੀ ਯੂਪੀ, 56 ਦੀ ਪਛਮੀ ਬੰਗਾਲ, 27 ਦੀ ਗੁਜਰਾਤ, 26 ਦੀ ਪੰਜਾਬ, 17 ਦੀ ਮੱਧ ਪ੍ਰਦੇਸ਼, 15 ਦੀ ਦਿੱਲੀ ਅਤੇ 12-12 ਲੋਕਾਂ ਦੀ ਮੌਤ ਰਾਜਸਥਾਨ ਤੇ ਤੇਲੰਗਾਨਾ ਵਿਚ ਹੋਈ। ਉੜੀਸਾ ਅਤੇ ਜੰਮੂ ਕਸ਼ਮੀਰ ਵਿਚ ਇਸ ਰੋਗ ਨਾਲ 10-10, ਝਾਰਖੰਡ ਵਿਚ ਨੌਂ, ਬਿਹਾਰ ਵਿਚ ਅੱਠ, ਤ੍ਰਿਪੁਰਾ, ਪੁਡੂਚੇਰੀ ਅਤੇ ਆਸਾਮ ਵਿਚ ਪੰਜ-ਪੰਜ, ਕੇਰਲਾ ਤੇ ਹਰਿਆਣਾ ਵਿਚ ਤਿੰਨ-ਤਿੰਨ, ਗੋਆ, ਅੰਡੇਮਾਨ ਅਤੇ ਨਿਕੋਬਾਰ ਵਿਚ ਦੋ-ਦੋ ਅਤੇ ਮਣੀਪੁਰ ਵਿਚ ਇਕ ਅਿਵਕਤੀ ਨੇ ਜਾਨ ਗਵਾਈ। ਹੁਣ ਤਕ ਹੋਈਆਂ ਕੁਲ 41585 ਮੌਤਾਂ ਵਿਚੋਂ ਸੱਭ ਤੋਂ ਵੱਧ 16792 ਮਰੀਜ਼ਾਂ ਦੀ ਮੌਤ ਮਹਾਰਾਸ਼ਟਰ ਵਿਚ ਹੋਈ। 

ਕੋਰੋਨਾ ਦੇ ਮਾਮਲੇ 20 ਲੱਖ ਦੇ ਪਾਰ, ਗ਼ਾਇਬ ਹੋਈ ਸਰਕਾਰ : ਰਾਹੁਲ
ਨਵੀਂ ਦਿੱਲੀ, 7 ਅਗੱਸਤ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਦੇ ਮਾਮਲੇ 20 ਲੱਖ ਤੋਂ ਵੱਧ ਹੋ ਜਾਣ 'ਤੇ ਦੋਸ਼ ਲਾਇਆ ਕਿ ਹੁਣ ਸਰਕਾਰ ਗ਼ਾਇਬ ਹੋ ਗਈ ਹੈ। ਉਨ੍ਹਾਂ ਟਵਿਟਰ 'ਤੇ ਕਿਹਾ, '20 ਲੱਖ ਦਾ ਅੰਕੜਾ ਪਾਰ, ਗ਼ਾਇਬ ਹੋਈ ਮੋਦੀ ਸਰਕਾਰ।' ਕਾਂਗਰਸ ਆਗੂ ਨੇ 17 ਜੁਲਾਈ ਵਾਲੀ ਅਪਣੀ ਟਿਪਣੀ ਮੁੜ ਸਾਂਝੀ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਜੇ ਇਸ ਗਤੀ ਨਾਲ ਮਾਮਲੇ ਵਧਦੇ ਗਏ ਤਾਂ 10 ਅਗੱਸਤ ਤਕ ਲਾਗ ਦੇ ਮਾਮਲੇ 20 ਲੱਖ ਨੂੰ ਪਾਰ ਕਰ ਜਾਣਗੇ।