ਕੇਰਲਾ ਵਿਚ ਭਾਰੀ ਮੀਂਹ : ਢਿੱਗਾਂ ਡਿੱਗਣ ਕਾਰਨ 16 ਮਰੇ, ਕਈ ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲਾ ਦੇ ਇਡੂਕੀ ਜ਼ਿਲ੍ਹੇ ਵਿਚ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਿਚ ਘੱਟੋ ਘੱਟ 16 ਜਣਿਆਂ ਦੀ ਮੌਤ ਹੋ ਗਈ ਅਤੇ 60 ਜਣੇ ਲਾਪਤਾ ਹਨ

File Photo

ਤਿਰੂਵਨੰਤਪੁਰਮ, 7 ਅਗੱਸਤ : ਕੇਰਲਾ ਦੇ ਇਡੂਕੀ ਜ਼ਿਲ੍ਹੇ ਵਿਚ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਿਚ ਘੱਟੋ ਘੱਟ 16 ਜਣਿਆਂ ਦੀ ਮੌਤ ਹੋ ਗਈ ਅਤੇ 60 ਜਣੇ ਲਾਪਤਾ ਹਨ। ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਦਸਿਆ ਕਿ ਹੁਣ ਤਕ 16 ਜਣਿਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ ਕਈ ਲਾਪਤਾ ਹਨ। ਇਹ ਹਾਦਸਾ ਸੈਲਾਨੀਆਂ ਲਈ ਮਸ਼ਹੂਰ ਸ਼ਹਿਰ ਮੁਨਾਰ ਦੇ ਰਾਜਮਲਈ ਇਲਾਕੇ ਵਿਚ ਵਾਪਰਿਆ। ਕੇਰਲਾ ਦੇ ਮਾਲੀਆ ਮੰਤਰੀ ਈ ਚੰਦਰਸ਼ੇਖ਼ਰ ਨੇ ਇਸ ਨੂੰ ਵੱਡੀ ਤ੍ਰਾਸਦੀ ਦਸਿਆ ਅਤੇ ਕਿਹਾ ਕਿ ਕਈ ਲੋਕ ਹਾਲੇ ਵੀ ਚਟਾਨਾਂ ਅਤੇ ਚਿੱਕੜ ਵਿਚ ਦਬੇ ਹੋਏ ਹਨ।

ਮ੍ਰਿਤਕਾਂ ਦੇ ਵਾਰਸਾਂ ਲਈ ਮੁਆਵਜ਼ੇ ਦੀ ਰਾਸ਼ੀ ਦਾ ਐਲਾਨ ਕਰ ਦਿਤਾ ਗਿਆ ਹੈ। ਪ੍ਰਧਾਨ ਮੰਤਰੀ ਆਫ਼ਤ ਰਾਹਤ ਫ਼ੰਡ ਤੋਂ ਮ੍ਰਿਤਕਾਂ ਦੇ ਮਾਪਿਆਂ ਨੂੰ ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦਿਤੀ ਗਈ ਹੈ। ਕੇਰਲਾ ਪੁਲਿਸ ਦੇ ਮੁਖੀ ਨੇ ਦਸਿਆ ਕਿ ਰਾਜਮਾਲਾ ਇਲਾਕੇ ਵਿਚ ਬਹੁਤੇ ਆਦਿਵਾਸੀ ਵਸਦੇ ਹਨ। ਪਛਮੀ ਇਲਾਕੇ ਵਿਚ ਭਾਰੀ ਮੀਂਹ, ਹੜ੍ਹਾ ਅਤੇ ਦਖਣੀ ਪਛਮੀ ਮਾਨਸੂਨ ਦੇ ਤੇਜ ਹੋਣ ਕਾਰਨ ਕੇਰਲਾ ਅਤੇ ਕਰਨਾਟਕਾ ਵਿਚ ਕਈ ਥਾਵਾਂ 'ਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਹਾਦਸੇ ਮਗਰੋਂ 16 ਜਣਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।