ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੇ ਦੋ ਯਾਤਰੀ ਕੋਰੋਨਾ ਪਾਜ਼ੇਟਿਵ !
ਰਾਹਤ ਕਾਰਜ ਵਿਚ ਲੱਗੇ 50 ਕਰਮਚਾਰੀ ਹੋਏ ਕੁਆਰੰਟੀਨ
ਤਿਰੂਵਨੰਤਪੁਰਮ: ਕੇਰਲ ਦੇ ਕੋਝੀਕੋਡ ਵਿਚ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਏਅਰ ਇੰਡੀਆ ਦੇ ਜਹਾਜ਼ ਵਿਚ ਸਵਾਰ ਦੋ ਯਾਤਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਸੂਤਰਾਂ ਨੇ ਦੱਸਿਆ ਕਿ ਦੁਬਈ ਤੋਂ ਪਰਤੇ ਜਹਾਜ਼ਾਂ ਵਿਚ ਦੋ ਯਾਤਰੀ ਕੋਵਿਡ 19 ਪਾਜ਼ੇਟਿਵ ਪਾਏ ਗਏ ਹਨ।
ਸੂਬੇ ਦੇ ਉੱਚ ਸਿੱਖਿਆ ਮੰਤਰੀ ਕੇਟੀ ਜਲੀਲ ਨੇ ਦੱਸਿਆ ਕਿ ਕੋਵਿਡ ਪਾਜ਼ੇਟਿਵ ਯਾਤਰੀਆਂ ਵਿਚੋਂ ਇਕ ਦੀ ਮੌਤ ਹੋ ਗਈ ਹੈ, ਜਿਸ ਦੀ ਪਛਾਣ 45 ਸਾਲਾ ਸੁਧੀਰ ਵਜੋਂ ਹੋਈ ਹੈ। ਮੰਤਰੀ ਨੇ ਦੱਸਿਆ ਕਿ ਉਹਨਾਂ ਦਾ ਸੈਂਪਲ ਜਾਂਚ ਲਈ ਭੇਜਿਆ ਗਿਆ ਸੀ, ਜੋ ਕਿ ਪਾਜ਼ੇਟਿਵ ਪਾਇਆ ਗਿਆ। ਮੱਲਾਪੁਰਮ ਦੇ ਜ਼ਿਲ੍ਹਾ ਅਧਿਕਾਰੀ ਕੇ ਗੋਪਾਲਕ੍ਰਿਸ਼ਨਨ ਨੇ ਦੱਸਿਆ ਕਿ ਸਾਰੇ ਯਾਤਰੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਕੋਵਿਡ ਜਾਂਚ ਵੀ ਹੋਈ ਹੈ।
ਇਸ ਦੇ ਨਾਲ ਹੀ ਮ੍ਰਿਤਕ ਯਾਤਰੀਆਂ ਦਾ ਸਸਕਾਰ ਕੋਵਿਡ-19 ਪ੍ਰੋਟੋਕੋਲ ਤਹਿਤ ਹੀ ਹੋਵੇਗਾ। ਸੂਬੇ ਦੇ ਸਿਹਤ ਮੰਤਰੀ ਨੇ ਰਾਹਤ ਅਤੇ ਬਚਾਅ ਕਾਰਜ ਚ ਸ਼ਾਮਲ ਲੋਕਾਂ ਨੂੰ ਕਿਹਾ ਕਿ ਉਹ ਸਿਹਤ ਅਧਿਕਾਰੀਆਂ ਨੂੰ ਅਪਣੀ ਰਿਪੋਰਟ ਭੇਜਣ ਅਤੇ ਸਾਵਧਾਨੀ ਵਜੋਂ ਸੈਲਫ ਕੁਆਰੰਟੀਨ ਹੋ ਜਾਣ। ਸੀਆਈਐਸਐਫ ਦੇ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਰਾਹਤ ਅਤੇ ਬਚਾਅ ਕਾਰਜ ਵਿਚ ਲੱਗੇ 50 ਲੋਕ ਕੁਆਰੰਟੀਨ ਹੋ ਗਏ ਹਨ।
ਦੱਸ ਦਈਏ ਕਿ ਸ਼ੁੱਕਰਵਾਰ ਰਾਤ ਨੂੰ ਕੇਰਲ ਵਿਚ ਵਾਪਰੇ ਭਿਆਨਕ ਜਹਾਜ਼ ਹਾਦਸੇ ਵਿਚ 2 ਪਾਇਲਟ ਅਤੇ 20 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਭਾਰਤ ਸਰਕਾਰ ਦੇ ਵੰਦੇ ਭਾਰਤ ਮਿਸ਼ਨ ਤਹਿਤ ਇਹ ਜਹਾਜ਼ 191 ਯਾਤਰੀਆਂ ਨਾਲ ਦੁਬਈ ਤੋਂ ਰਵਾਨਾ ਹੋਇਆ ਸੀ।