ਸੋਨ ਤਮਗਾ ਜੇਤੂ ਨੀਰਜ ਚੋਪੜਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਅਨਿਲ ਵਿਜ, ਕੀਤਾ ਪਰਿਵਾਰ ਨੂੰ ਨਮਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੀਰਜ ਦੇ ਮਾਪੇ ਧੰਨ ਹਨ ਜਿਨ੍ਹਾਂ ਨੇ ਨੀਰਜ ਵਰਗੇ ਹੋਣਹਾਰ ਖਿਡਾਰੀ ਨੂੰ ਜਨਮ ਦਿੱਤਾ - Anil Vij

Neeraj Chopra

ਪਾਨੀਪਤ: ਓਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾ ਦੇ ਘਰ ਵਧਾਈ ਦੇਣ ਵਾਲੇ ਲੋਕਾਂ ਅਤੇ ਸਿਆਸੀ ਲੀਡਰਾਂ ਦੀ ਆਮਦ ਜਾਰੀ ਹੈ। ਇਸ ਤਹਿਤ ਅੱਜ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੀਰਜ ਦੇ ਜੱਦੀ ਪਿੰਡ ਖੰਡਰਾ ਪਹੁੰਚੇ। ਗ੍ਰਹਿ ਮੰਤਰੀ ਨੇ ਉੱਥੇ ਪਹੁੰਚ ਕੇ ਨੀਰਜ ਦੇ ਮਾਪਿਆਂ ਨੂੰ ਨਮਨ ਕੀਤਾ ਤੇ ਕਿਹਾ ਕਿ ਨੀਰਜ ਦੇ ਮਾਪੇ ਧੰਨ ਹਨ ਜਿਨ੍ਹਾਂ ਨੇ ਨੀਰਜ ਵਰਗੇ ਹੋਣਹਾਰ ਖਿਡਾਰੀ ਨੂੰ ਜਨਮ ਦਿੱਤਾ। ਇਸ ਲਈ ਉਹ ਉਸ ਦੇ ਮਾਪਿਆਂ ਦੇ ਪੈਰ ਛੂਹਣ ਇੱਥੇ ਆਏ ਹਨ।

ਉਨ੍ਹਾਂ ਕਿਹਾ ਓਲੰਪਿਕ ਖੇਡਾਂ 'ਚ ਭਾਰਤ ਗੋਲਡ ਲਈ ਤਰਸ ਰਿਹਾ ਸੀ। ਨੀਰਜ ਚੋਪੜਾ ਨੇ ਭਾਰਤ ਦਾ ਇਹ ਸੁਫ਼ਨਾ ਸੱਚ ਕਰ ਦਿੱਤਾ ਹੈ। ਜਿਸ ਦੇ ਚੱਲਦਿਆਂ ਅੱਜ 135 ਕਰੋੜ ਭਾਰਤ ਵਾਸੀਆਂ ਦਾ ਮਾਣ ਨਾਲ ਸਿਰ ਉੱਚਾ ਹੋ ਗਿਆ। ਨੀਰਜ ਨੇ ਇਕ ਸੁਨਹਿਰੀ ਇਤਿਹਾਸ ਲਿਖਿਆ ਹੈ ਤੇ ਹੁਣ ਵਿਲੱਖਣ ਸ਼ੁਰੂਆਤ ਹੋ ਗਈ ਹੈ।

ਵਿਜ ਨੇ ਕਿਹਾ ਖੇਡ ਨੀਤੀ ਦੇ ਤਹਿਤ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਨੂੰ 6 ਕਰੋੜ ਰੁਪਏ, ਸਿਲਵਰ ਮੈਡਲ ਵਾਲੇ ਨੂੰ 4 ਕਰੋੜ ਰੁਪਏ ਤੇ ਕਾਂਸੀ ਮੈਡਲ ਜੇਤੂ ਨੂੰ ਢਾਈ ਕਰੋੜ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਰਕਾਰੀ ਨੌਕਰੀ ਤੇ ਰਿਆਇਤੀ ਦਰਾਂ 'ਤੇ ਪਲਾਟ ਦਿੱਤੇ ਜਾਣਗੇ। ਉੱਥੇ ਹੀ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜਲਦ ਹੀ ਪੰਚਕੂਲਾ 'ਚ ਆਯੋਜਿਤ ਹੋਣ ਵਾਲੇ ਸਨਮਾਨ ਸਮਾਰੋਹ 'ਚ ਉਨ੍ਹਾਂ ਨੂੰ ਪੁਰਸਕਾਰ ਰਾਸ਼ੀ ਦਿੱਤੀ ਜਾਵੇਗੀ।