ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਫਟਿਆ ਬੱਦਲ, ਇਕ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਘਰਾਂ ਨੂੰ ਪਹੁੰਚਿਆ ਨੁਕਸਾਨ

photo

 

ਧਰਮਸ਼ਾਲਾ: ਚੰਬਾ ਦੇ ਸਲੂਣੀ 'ਚ ਬੱਦਲ ਫਟਣ ਕਾਰਨ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਬੱਦਲ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਉੱਥੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਘਟਨਾ ਤੋਂ ਬਾਅਦ ਸਥਾਨਕ ਲੋਕ ਰਾਹਤ ਅਤੇ ਬਚਾਅ ਕਾਰਜਾਂ 'ਚ ਲੱਗੇ ਹੋਏ ਹਨ।

ਨਾਲ ਹੀ ਘਟਨਾ ਦੀ ਸੂਚਨਾ ਸਥਾਨਕ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਦੇ ਭਾਵਨਗਰ ਨੇੜੇ ਅਚਾਨਕ ਢਿੱਗਾਂ ਡਿੱਗਣ ਕਾਰਨ ਨੈਸ਼ਨਲ ਹਾਈਵੇਅ 05 ਬੰਦ ਹੋ ਗਿਆ। ਇੱਥੇ ਸਥਾਨਕ ਪ੍ਰਸ਼ਾਸਨ ਨੇ ਮਲਬਾ ਹਟਾਉਣ ਲਈ ਕਈ ਮਸ਼ੀਨਾਂ ਲਗਾਈਆਂ ਹਨ।

ਭਦੋਗ ਪਿੰਡ 'ਚ ਇਕ ਘਰ ਢਿੱਗਾਂ ਡਿੱਗਣ ਦੀ ਖਬਰ ਹੈ। ਇਸ ਹਾਦਸੇ ਵਿੱਚ ਕਮਰੇ ਵਿੱਚ ਸੌਂ ਰਹੇ 15 ਸਾਲਾ ਵਿਜੇ ਕੁਮਾਰ ਪੁੱਤਰ ਬਿਆਸ ਦੇਵ ਦੀ ਮੌਤ ਹੋ ਗਈ। ਕੰਦਵਾੜਾ ਵਿੱਚ ਸੜਕ ਸਮੇਤ ਪੁਲ ਵੀ ਰੁੜ੍ਹ ਗਿਆ ਹੈ।

ਇਸ ਤੋਂ ਇਲਾਵਾ ਘਰਾਟ ਵੀ ਪ੍ਰਭਾਵਿਤ ਹੋਇਆ ਹੈ। ਲੋਕਾਂ ਦੇ ਖੇਤ ਪਾਣੀ ਅਤੇ ਮਲਬੇ ਨਾਲ ਭਰ ਗਏ ਹਨ। ਦਿਯੂਰ ਦੇ ਗੁਲੇਲ ਪਿੰਡ 'ਚ ਪਾਣੀ ਅਤੇ ਮਲਬਾ ਲੋਕਾਂ ਦੇ ਘਰਾਂ 'ਚ ਦਾਖਲ ਹੋ ਗਿਆ ਹੈ। ਇਸ ਤੋਂ ਇਲਾਵਾ ਸਲੂਣੀ ਦੇ ਚੱਕੇਲੀ ਵਿੱਚ ਡਰੇਨ ਵਿੱਚ ਹੜ੍ਹ ਆਉਣ ਕਾਰਨ ਨੁਕਸਾਨ ਹੋਇਆ ਹੈ।