ਦਿੱਲੀ ਸਰਕਾਰ ’ਚ ਸੇਵਾਵਾਂ, ਵਿਜੀਲੈਂਸ ਵਿਭਾਗ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ ਆਤਿਸ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਦੋਵੇਂ ਵਿਭਾਗ ਪਹਿਲਾਂ ਸੌਰਭ ਭਾਰਦਵਾਜ ਕੋਲ ਸਨ

photo

 

ਨਵੀਂ ਦਿੱਲੀ: ਦਿੱਲੀ ਦੀ ਮੰਤਰੀ ਆਤਿਸ਼ੀ ਨੂੰ ਸੇਵਾਵਾਂ ਅਤੇ ਵਿਜੀਲੈਂਸ ਵਿਭਾਗਾਂ ਦਾ ਵਾਧੂ ਚਾਰਜ ਸੌਂਪਿਆ ਜਾਵੇਗਾ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਨਾਲ ਸਬੰਧਤ ਮਤੇ ਨੂੰ ਮਨਜ਼ੂਰੀ ਲਈ ਉਪਰਾਜਪਾਲ ਵੀ.ਕੇ. ਸਕਸੇਨਾ ਨੂੰ ਭੇਜਿਆ ਹੈ। ਇਕ ਸਰਕਾਰੀ ਸੂਤਰ ਨੇ ਇਹ ਜਾਣਕਾਰੀ ਦਿਤੀ। ਇਹ ਦੋਵੇਂ ਵਿਭਾਗ ਪਹਿਲਾਂ ਆਤਿਸ਼ੀ ਦੇ ਕੈਬਿਨੇਟ ਸਹਿਯੋਗੀ ਸੌਰਭ ਭਾਰਦਵਾਜ ਕੋਲ ਸਨ।

ਇਹ ਕਦਮ ਦਿੱਲੀ ਸੇਵਾ ਬਿਲ ਨੂੰ ਸੰਸਦੀ ਮਨਜ਼ੂਰੀ ਮਿਲਣ ਤੋਂ ਇਕ ਦਿਨ ਬਾਅਦ ਆਇਆ ਹੈ। ਇਹ ਬਿਲ ਕੇਂਦਰ ਨੂੰ ਕੌਮੀ ਰਾਜਧਾਨੀ ’ਚ ਨੌਕਰਸ਼ਾਹੀ ’ਤੇ ਕੰਟਰੋਲ ਦੇਵੇਗਾ। ਸੰਸਦ ਨੇ ਸੋਮਵਾਰ ਨੂੰ ‘ਕੌਮੀ ਰਾਜਧਾਨੀ ਖੇਤਰ ਸ਼ਾਸਨ ਸੋਧ ਬਿਲ, 2023 ਨੂੰ ਵੋਟਿੰਗ ਤੋਂ ਬਾਅਦ ਮਨਜ਼ੂਰੀ ਦੇ ਦਿਤੀ। ਇਹ ਬਿਲ ਦਿੱਲੀ ’ਚ ਸਮੂਹ-ਏ ਦੇ ਅਧਿਕਾਰੀਆਂ ਦੀ ਬਦਲੀ ਅਤੇ ਤੈਨਾਤੀ ਲਈ ਇਕ ਅਥਾਰਟੀ ਬਣਾਉਣ ਦੇ ਲਿਹਾਜ਼ ਨਾਲ ਲਾਗੂ ਆਰਡੀਨੈਂਸ ਦੀ ਥਾਂ ਲਵੇਗਾ

ਉਪਰਾਜਪਾਲ ਵੀ.ਕੇ. ਸਕਸੇਨਾ ਵਲੋਂ ਕੈਬਿਨੇਟ ’ਚ ਫ਼ੇਰਬਦਲ ਦੇ ਮਤੇ ਨੂੰ ਜੂਨ ’ਚ ਮਨਜ਼ੂਰੀ ਦਿਤੇ ਜਾਣ ਤੋਂ ਬਾਅਦ ਆਤਿਸ਼ੀ ਨੂੰ ਮਾਲੀਆ, ਯੋਜਨਾ ਅਤੇ ਵਿੱਤ ਵਿਭਾਗਾਂ ਦਾ ਵਾਧੂ ਚਾਰਜ ਦਿਤਾ ਗਿਆ ਸੀ।

ਇਹ ਤਿੰਨ ਵਿਭਾਗ ਪਹਿਲਾਂ ਆਵਾਜਾਈ ਮਤਰੀ ਕੈਲਾਸ਼ ਗਹਿਲੋਤ ਕੋਲ ਸਨ। ਆਤਿਸ਼ੀ ਦਿੱਲੀ ਕੈਬਿਨੇਟ ’ਚ ਇਕੋ-ਇਕ ਔਰਤ ਮੰਤਰੀ ਹਨ। ਉਹ ਹੁਣ 14 ਵਿਭਾਗ ਸੰਭਾਲਣਗੇ। ਦਿੱਲੀ ਸਰਕਾਰ ’ਚ ਸਭ ਤੋਂ ਵੱਧ ਵਿਭਾਗਾਂ ਦਾ ਚਾਰਜ ਉਨ੍ਹਾਂ ਕੋਲ ਹੀ ਹੈ।