ਹਾਈ ਕੋਰਟ ਨੇ ਸੁਣਾਇਆ ਫੈਸਲਾ, ਪਤੀ ਨੂੰ ਕਾਲਾ ਕਹਿਣ ’ਤੇ ਹੋ ਸਕਦਾ ਹੈ ਤਲਾਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਤੀ ਦਾ ‘ਕਾਲਾ’ ਰੰਗ ਹੋਣ ਕਾਰਨ ਉਸ ਨੂੰ ਬੇਇੱਜ਼ਤ ਕਰਨਾ ਜ਼ੁਲਮ ਹੈ : ਕਰਨਾਟਕ ਹਾਈ ਕੋਰਟ

The High Court pronounced the decision, divorce can be done if the husband is called black

 

ਬੇਂਗਲੁਰੂ: ਕਰਨਾਟਕ ਹਾਈ ਕੋਰਟ ਨੇ ਕਿਹਾ ਹੈ ਕਿ ਅਪਣੇ ਪਤੀ ਦੀ ਚਮੜੀ ਦਾ ਰੰਗ ‘ਕਾਲਾ’ ਹੋਣ ਕਾਰਨ ਉਸ ਨੂੰ ਬੇਇੱਜ਼ਤ ਕਰਨਾ ਜ਼ੁਲਮ ਹੈ ਅਤੇ ਇਹ ਉਸ ਵਿਅਕਤੀ ਨੂੰ ਤਲਾਕ ਦੀ ਮਨਜ਼ੂਰੀ ਦਿਤੇ ਜਾਣ ਦਾ ਠੋਸ ਕਾਰਨ ਹੈ। ਹਾਈ ਕੋਰਟ ਨੇ 44 ਸਾਲਾਂ ਦੇ ਵਿਅਕਤੀ ਨੂੰ ਅਪਣੀ 41 ਸਾਲਾਂ ਦੀ ਪਤਨੀ ਤੋਂ ਤਲਾਕ ਦਿਤੇ ਜਾਣ ਦੀ ਮਨਜ਼ੂਰੀ ਦਿੰਦਿਆਂ ਪਿੱਛੇ ਜਿਹੇ ਇਕ ਫੈਸਲੇ ’ਚ ਇਹ ਟਿਪਣੀ ਕੀਤੀ।

ਅਦਾਲਤ ਨੇ ਕਿਹਾ ਕਿ ਮੌਜੂਦ ਸਬੂਤਾਂ ਦੀ ਬਾਰੀਕੀ ਨਾਲ ਜਾਂਚ ਕਰਨ ’ਤੇ ਨਿਚੋੜ ਨਿਕਲਦਾ ਹੈ ਕਿ ਪਤਨੀ, ਕਾਲਾ ਰੰਗ ਹੋਣ ਕਾਰਨ, ਅਪਣੇ ਪਤੀ ਦੀ ਬੇਇੱਜ਼ਤੀ ਕਰਦੀ ਸੀ ਅਤੇ ਉਹ ਇਸੇ ਕਾਰਨ ਪਤੀ ਨੂੰ ਛੱਡ ਕੇ ਚਲੀ ਗਈ ਸੀ। ਹਾਈ ਕੋਰਟ ਨੇ ਹਿੰਦੂ ਵਿਆਹ ਐਕਟ ਦੀ ਧਾਰਾ 13(1)(ਏ) ਹੇਠ ਤਲਾਕ ਦੀ ਅਪੀਲ ਮਨਜ਼ੂਰ ਕਰਦਿਆਂ ਕਿਹਾ, ‘‘ਇਸ ਪਹਿਲੂ ਨੂੰ ਲੁਕਾਉਣ ਲਈ ਉਸ ਨੇ (ਪਤਨੀ ਨੇ) ਪਤੀ ਵਿਰੁਧ ਨਾਜਾਇਜ਼ ਸਬੰਧਾਂ ਦੇ ਝੂਠੇ ਦੋਸ਼ ਲਾਏ। ਇਹ ਤੱਥ ਯਕੀਨੀ ਤੌਰ ’ਤੇ ਜ਼ੁਲਮ ਕਰਨ ਦੇ ਬਰਾਬਰ ਹਨ।’’

ਬੇਂਗਲੁਰੂ ਦੇ ਰਹਿਣ ਵਾਲੇ ਇਸ ਜੋੜੇ ਨੇ 2007 ’ਚ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੀ ਇਕ ਬੇਟੀ ਵੀ ਹੈ। ਪਤੀ ਨੇ 2012 ’ਚ ਬੇਂਗਲੁਰੂ ਦੀ ਇਕ ਪ੍ਰਵਾਰਕ ਅਦਾਲਤ ’ਚ ਤਲਾਕ ਦੀ ਅਪੀਲ ਦਾਇਰ ਕੀਤੀ ਸੀ। ਔਰਤ ਨੇ ਵੀ ਧਾਰਾ 498ਏ (ਵਿਆਹੁਤਾ ਔਰਤ ’ਤੇ ਜ਼ੁਲਮ) ਹੇਠ ਅਪਣੇ ਪਤੀ ਅਤੇ ਸਹੁਰਾ ਘਰ ਵਿਰੁਧ ਇਕ ਕੇਸ ਦਰਜ ਕਰਵਾਇਆ ਸੀ। ਉਸ ਨੇ ਘਰੇਲੂ ਹਿੰਸਾ ਕਾਨੂੰਨ ਹੇਠ ਵੀ ਇਕ ਮਾਮਲਾ ਦਰਜ ਕਰਵਾਇਆ ਅਤੇ ਬੱਚੀ ਨੂੰ ਛੱਡ ਕੇ ਅਪਣੇ ਮਾਤਾ-ਪਿਤਾ ਨਾਲ ਰਹਿਣ ਲੱਗੀ।
ਉਸ ਨੇ ਪ੍ਰਵਾਰਕ ਅਦਾਲਤ ’ਚ ਦੋਸ਼ਾਂ ਤੋਂ ਇਨਕਾਰ ਕਰ ਦਿਤਾ ਅਤੇ ਪਤੀ ਤੇ ਸਹੁਰਾ ਘਰ ਵਾਲਿਆਂ ’ਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ।

ਪ੍ਰਵਾਰਕ ਅਦਾਲਤ ਨੇ 2017 ’ਚ ਤਲਾਕ ਲਈ ਪਤੀ ਦੀ ਅਪੀਲ ਖ਼ਾਰਜ ਕਰ ਦਿਤੀ ਸੀ ਜਿਸ ਤੋਂ ਬਾਅਦ ਉਸ ਨੇ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਜਸਟਿਸ ਆਲੋਕ ਅਰਾਧੇ ਅਤੇ ਜਸਟਿਸ ਅਨੰਤ ਰਾਮਨਾਥ ਹੇਗੜੇ ਦੀ ਬੈਂਚ ਨੇ ਕਿਹਾ, ‘‘ਪਤੀ ਦਾ ਕਹਿਣਾ ਹੈ ਕਿ ਪਤਨੀ ਉਸ ਦਾ ਕਾਲਾ ਰੰਗ ਹੋਣ ਕਾਰਨ ਉਸ ਨੂੰ ਬੇਇੱਜ਼ਤ ਕਰਦੀ ਸੀ। ਪਤੀ ਨੇ ਇਹ ਵੀ ਕਿਹਾ ਕਿ ਉਹ ਬੱਚੀ ਲਈ ਇਸ ਬੇਇੱਜ਼ਤੀ ਨੂੰ ਸਹਿੰਦਾ ਸੀ।’’

ਹਾਈ ਕੋਰਟ ਨੇ ਕਿਹਾ ਕਿ ਪਤੀ ਨੂੰ ‘ਕਾਲਾ’ ਕਹਿਣਾ ਜ਼ੁਲਮ ਕਰਨ ਦੇ ਬਰਾਬਰ ਹੈ। ਉਸ ਨੇ ਪ੍ਰਵਾਰਕ ਅਦਾਲਤ ਦੇ ਫੈਸਲੇ ਨੂੰ ਰੱਦ ਕਰਦਿਆਂ ਕਿਹਾ, ‘‘ਪਤਨੀ ਨੇ ਪਤੀ ਕੋਲ ਪਰਤਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਰੀਕਾਰਡ ’ਚ ਮੌਜੂਦ ਸਬੂਤ ਇਹ ਸਾਬਤ ਕਰਦੇ ਹਨ ਕਿ ਉਸ ਦੇ ਪਤੀ ਦਾ ਰੰਗ ਕਾਲਾ ਹੋਣ ਕਾਰਨ ਪਤਨੀ ਨੂੰ ਵਿਆਹ ’ਚ ਕੋਈ ਦਿਲਚਸਪੀ ਨਹੀਂ ਸੀ। ਇਨ੍ਹਾਂ ਦਲੀਲਾਂ ਦੇ ਸੰਦਰਭ ’ਚ ਇਹ ਅਪੀਲ ਕੀਤੀ ਜਾਂਦੀ ਹੈ ਕਿ ਪ੍ਰਵਾਰਕ ਅਦਾਲਤ ਵਿਆਹ ਭੰਗ ਕਰਨ ਦਾ ਹੁਕਮ ਦੇਵੇ।’’