Himachal Weather News: ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਪੈ ਰਿਹਾ ਭਾਰੀ ਮੀਂਹ, 454 ਸੜਕਾਂ ਬੰਦ
Himachal Weather News: 10-11 ਅਗਸਤ ਨੂੰ ਮੀਂਹ ਦਾ ਆਰੇਂਜ ਅਲਰਟ, ਤੂਫ਼ਾਨ ਅਤੇ ਮੀਂਹ ਕਾਰਨ ਰਾਤ ਭਰ ਬਿਜਲੀ ਰਹੀ ਬੰਦ
Himachal Weather News in punjabi: ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਬਾਰਿਸ਼ ਜਾਰੀ ਹੈ। ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ,ਰਾਮਪੁਰ-ਕਾਜ਼ਾ ਅਤੇ ਅਨੀ-ਕੁੱਲੂ NH ਸਮੇਤ 454 ਸੜਕਾਂ ਬੰਦ ਹੋ ਗਈਆਂ ਨੇ। ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ ਵੀਰਵਾਰ ਦੁਪਹਿਰ ਨੂੰ 41 ਘੰਟਿਆਂ ਬਾਅਦ ਬਹਾਲ ਕੀਤਾ ਗਿਆ ਸੀ। ਸੋਲਨ ਦੇ ਚੱਕੀਮੋਰ ਵਿਖੇ ਜ਼ਮੀਨ ਖਿਸਕਣ ਕਾਰਨ ਕਾਲਕਾ-ਸ਼ਿਮਲਾ ਰਾਜਮਾਰਗ ਰਾਤ ਭਰ ਪ੍ਰਭਾਵਿਤ ਰਿਹਾ।
ਵੀਰਵਾਰ ਨੂੰ ਵੀ ਜ਼ਮੀਨ ਖਿਸਕਣ ਕਾਰਨ ਛੇ ਕਿਲੋਮੀਟਰ ਦਾ ਜਾਮ ਰਿਹਾ। ਪਰਵਾਣੂ ਤੋਂ ਧਰਮਪੁਰ ਪਹੁੰਚਣ ਵਿੱਚ ਤਿੰਨ ਘੰਟੇ ਤੋਂ ਵੱਧ ਸਮਾਂ ਲੱਗਿਆ। ਬੀਬੀਐਨ ਵਿੱਚ ਤੂਫ਼ਾਨ ਅਤੇ ਮੀਂਹ ਕਾਰਨ ਰਾਤ ਭਰ ਬਿਜਲੀ ਬੰਦ ਰਹੀ। ਇਸ ਕਾਰਨ ਦਰਜਨਾਂ ਉਦਯੋਗ ਵੀ ਬੰਦ ਰਹੇ। ਜ਼ਮੀਨ ਖਿਸਕਣ ਦੇ ਖ਼ਤਰੇ ਕਾਰਨ, ਮੰਡੀ ਜ਼ਿਲ੍ਹੇ ਦੀ ਕਟੋਲਾ ਪੰਚਾਇਤ ਦੇ ਸ਼ਿਲਹ ਦੇ ਲੋਕਾਂ ਨੂੰ ਪਿੰਡ ਛੱਡ ਕੇ ਜਾਣਾ ਪਿਆ।
ਮੀਂਹ ਤੇ ਜ਼ਮੀਨ ਖਿਸਕਣ ਕਾਰਨ, ਸੂਬੇ 'ਚ 861 ਬਿਜਲੀ ਟ੍ਰਾਂਸਫਾਰਮਰ ਕੰਮ ਕਰਨਾ ਬੰਦ ਕਰ ਚੁੱਕੇ ਹਨ, ਜਦੋਂ ਕਿ 244 ਪਾਣੀ ਯੋਜਨਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਊਨਾ ਵਿੱਚ ਦੋ ਘਰ ਢਹਿ ਗਏ, ਜਦੋਂ ਕਿ ਕਾਂਗੜਾ ਵਿੱਚ 27 ਗਊਸ਼ਾਲਾਵਾਂ ਅਤੇ 12 ਘਰਾਂ ਨੂੰ ਨੁਕਸਾਨ ਪਹੁੰਚਿਆ। ਵੀਰਵਾਰ ਨੂੰ ਪੌਂਗ ਡੈਮ ਤੋਂ 40 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ। ਬਿਜਲੀ ਟਰਾਂਸਫ਼ਾਰਮਰ ਫੇਲ੍ਹ ਹੋਣ ਕਾਰਨ ਚੰਬਾ ਦੇ 20 ਪਿੰਡ ਬਲੈਕਆਊਟ ਦਾ ਸਾਹਮਣਾ ਕਰ ਰਹੇ ਹਨ।
ਹਿਮਾਚਲ ਦੇ ਕਈ ਇਲਾਕਿਆਂ ਵਿੱਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 8 ਅਤੇ 9 ਅਗਸਤ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਦੇ ਨਾਲ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ, 10 ਅਤੇ 11 ਅਗਸਤ ਨੂੰ ਸੂਬੇ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
(For more news apart from “Himachal Weather News in punjabi, ” stay tuned to Rozana Spokesman.)