‘ਗਊ ਮੂਤਰ ਅਤੇ ਗੋਬਰ ਨਾਲ ਬਣੀਆਂ ਦਵਾਈਆਂ ਦੀ ਮਦਦ ਨਾਲ ਪੈਦਾ ਹੋਣਗੇ ਬੁੱਧੀਮਾਨ ਬੱਚੇ’

ਏਜੰਸੀ

ਖ਼ਬਰਾਂ, ਰਾਸ਼ਟਰੀ

ਮੋਦੀ ਸਰਕਾਰ ਨੇ ਇਸ ਸਾਲ ਫਰਵਰੀ ਵਿਚ ਗਊਆਂ ਦੀ ਸੁਰੱਖਿਆ ਅਤੇ ਸੁਧਾਰ ਲਈ ‘ਰਾਸ਼ਟਰੀ ਕਾਮਧੇਨੁ ਕਮਿਸ਼ਨ’ ਦੇ ਗਠਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ।

Drug From Cow Urine-Dung Can Produce ‘Highly Intellectual’ Kids

ਨਵੀਂ ਦਿੱਲੀ: ਮੋਦੀ ਸਰਕਾਰ ਨੇ ਇਸ ਸਾਲ ਫਰਵਰੀ ਵਿਚ ਗਊਆਂ ਦੀ ਸੁਰੱਖਿਆ ਅਤੇ ਸੁਧਾਰ ਲਈ ‘ਰਾਸ਼ਟਰੀ ਕਾਮਧੇਨੁ ਕਮਿਸ਼ਨ’ ਦੇ ਗਠਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਹ ਕਮਿਸ਼ਨ ਆਯੂਸ਼ ਮੰਤਰਾਲੇ ਨਾਲ ਮਿਲ ਕੇ ਦਵਾਈਆਂ ਤਿਆਰ ਕਰਨ ‘ਤੇ ਕੰਮ ਕਰ ਰਿਹਾ ਹੈ। ਇਹ ਦਵਾਈਆਂ ਗਊ ਮੂਤਰ ਅਤੇ ਗੋਬਰ ਆਦਿ ਨਾਲ ਤਿਆਰ ਕੀਤੀਆਂ ਜਾਂਦੀਆ ਹਨ। ਕਮਿਸ਼ਨ ਦਾ ਦਾਅਵਾ ਹੈ ਕਿ ਜੇਕਰ ਗਰਭਵਤੀ ਔਰਤਾਂ ਇਹਨਾਂ ਦਵਾਈਆਂ ਦੀ ਵਰਤੋਂ ਕਰਨਗੀਆਂ ਤਾਂ ਉਹ ‘ਬੇਹੱਦ ਬੁੱਧੀਮਾਨ ਅਤੇ ਤੰਦਰੁਸਤ' ਬੱਚਿਆਂ ਨੂੰ ਜਨਮ ਦੇਣਗੀਆਂ।

ਰਾਸ਼ਟਰੀ ਕਾਮਧੇਨੁ ਕਮਿਸ਼ਨ ਦੇ ਚੇਅਰਮੈਨ ਵੱਲਭਭਾਈ ਕਥੀਰੀਆ ਨੇ ਇਕ ਅੰਗਰੇਜ਼ੀ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹਨਾਂ ਦਵਾਈਆਂ ਦੇ ਨਿਰਮਾਣ ਵਿਚ ਗਊ ਮੂਤਰ ਤੋਂ ਇਲਾਵਾ ਗਾਂ ਦਾ ਦੁੱਧ, ਗੋਬਰ, ਘੀ ਅਤੇ ਦਹੀਂ ਦੀ ਵਰਤੋਂ ਕੀਤੀ ਜਾਵੇਗੀ। ਕਥੀਰੀਆ ਗੁਜਰਾਤ ਦੇ ਭਾਜਪਾ ਸੰਸਦ ਵੀ ਰਹੇ ਹਨ। ਉਹਨਾਂ ਕਿਹਾ ਕਿ ਸ਼ਾਸਤਰ ਅਤੇ ਆਯੂਰਵੇਦ ਵਿਚ ਵੀ ਇਸ ‘ਪੰਚਗਵਿਆ ਦਵਾਈ’ ਦਾ ਜ਼ਿਕਰ ਹੈ, ਜੋ ਗਾਂ ਤੋਂ ਮਿਲਣ ਵਾਲੀਆਂ ਪੰਜ ਚੀਜ਼ਾਂ ਦਾ ਮਿਸ਼ਰਣ ਹੈ।

ਕਥੀਰੀਆ ਨੇ ਕਿਹਾ ਕਿ ਸ਼ਸਤਰਾਂ ਅਤੇ ਵੈਦਾਂ ਵਿਚ ਲਿਖਿਆ ਹੈ ਕਿ ਜੇਕਰ ਗਰਭਵਤੀ ਔਰਤਾਂ ਇਹਨਾਂ ਦਵਾਈਆਂ ਦਾ ਸੇਵਨ ਕਰਦੀਆਂ ਹਨ ਤਾਂ ਉਹ ਬੇਹੱਦ ਬੁੱਧੀਮਾਨ ਅਤੇ ਤੰਦਰੁਸਤ ਬੱਚਿਆਂ ਨੂੰ ਜਨਮ ਦੇ ਸਕਦੀਆਂ ਹਨ। ਉਹਨਾਂ ਦੱਸਿਆ ਕਿ ਉਹਨਾਂ ਨੇ ਇਹਨਾਂ ਦਵਾਈਆਂ ਦੇ ਵੱਡੇ ਪੱਧਰ ‘ਤੇ ਉਤਪਾਦਨ ਲਈ ਆਯੂਸ਼ ਮੰਤਰਾਲੇ ਤੋਂ ਮਦਦ ਮੰਗੀ ਹੈ। ਉਹਨਾਂ ਨੇ ਕਿਹਾ ਕਿ ਆਯੂਸ਼ ਮੰਤਰਾਲੇ ਤੋਂ ਇਲਾਵਾ ਹਾਲੀਆ ਗਠਿਤ ਪਸ਼ੂ ਪਾਲਣ ਮੰਤਰਾਲੇ ਵੱਲੋਂ ਵੀ ਮਦਦ ਮੰਗੀ ਜਾਵੇਗੀ ਤਾਂ ਜੋ ਇਹਨਾਂ ਦਵਾਈਆਂ ਦਾ ਉਤਪਾਦਨ ਅਤੇ ਮਾਰਕਿਟਿੰਗ ਕੀਤੀ ਜਾ ਸਕੇ।

ਕਥੀਰਿਆ ਨੇ ਕਿਹਾ ਕਿ ਇਕ ਵਾਰ ਵੱਡੇ ਪੱਧਰ ‘ਤੇ ਦਵਾਈਆਂ ਦਾ ਉਤਪਾਦਨ ਸ਼ੁਰੂ ਹੋਣ ਤੋਂ ਬਾਅਦ ਉਹ ਪਿੰਡਾਂ ਵਿਚ  ਵੈਦਾਂ ਦੀ ਨਿਯੁਕਤੀ ਕਰਨਗੇ, ਜੋ ਗਰਭਵਤੀ ਔਰਤਾਂ ਨੂੰ ਇਹਨਾਂ ਦਵਾਈਆਂ ਦੀ ਵਰਤੋਂ ਕਰਨ ਲਈ ਕਹਿਣਗੇ। ਕਮਿਸ਼ਨ ਦੇ ਚੇਅਰਮੈਨ ਨੇ ਦੱਸਿਆ ਕਿ ਉਹਨਾਂ ਦੀ ਜ਼ਿੰਮੇਵਾਰੀ ਦੇਸੀ ਗਾਵਾਂ ਦੀਆਂ ਨਸਲਾਂ ਦੇ ਵਿਕਾਸ ਅਤੇ ਉਹਨਾਂ ਦੀ ਸੁਰੱਖਿਆ ਦੀ ਵੀ ਹੈ। ਇਸ ਲਈ 22 ਦੇਸੀ ਨਸਲਾਂ ਦੀ ਚੋਣ ਕੀਤੀ ਜਾ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।