ਮੁੱਖ ਮੰਤਰੀ ਵੱਲੋਂ ਵਿਵਾਦਤ TV ਸੀਰੀਅਲ 'ਰਾਮ ਸੀਆ ਕੇ ਲਵ ਕੁਸ਼' ’ਤੇ ਪਾਬੰਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੰਮ੍ਰਿਤਸਰ ਅਤੇ ਬਟਾਲਾ ‘ਚ ਵਾਲਮੀਕ ਭਾਈਚਾਰੇ ਨੇ ਕੀਤਾ ਸੀ ਰੋਸ ਪ੍ਰਦਰਸ਼ਨ

Valmik Protest news

ਕਲਰਜ਼ ਚੈਨਲ 'ਤੇ ਦਿਖਾਏ ਜਾ ਰਹੇ ਸੀਰੀਅਲ 'ਰਾਮ ਸੀਆ ਕੇ ਲਵ-ਕੁਸ਼' 'ਚ ਭਗਵਾਨ ਵਾਲਮੀਕ ਦੇ ਅਕਸ ਨੂੰ ਖਰਾਬ ਕਰਨ ਦੇ ਵਿਰੋਧ ਕਾਰਨ ਸ਼ਨੀਵਾਰ ਨੂੰ ਵਾਲਮੀਕ ਭਾਈਚਾਰ ਵੱਲੋਂ ਪੰਜਾਬ ਬੰਦ ਦਾ ਸੱਦਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੂਰੇ ਸੂਬੇ 'ਚ ਵਿਵਾਦਤ ਟੀ. ਵੀ. ਸੀਰੀਅਲ 'ਰਾਮ ਸੀਆ ਕੇ ਲਵ ਕੁਸ਼' ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ।

ਸੂਬੇ 'ਚ ਸ਼ਾਂਤੀ ਤੇ ਫਿਰਕੂ ਭਾਈਚਾਰਾ ਖ਼ਰਾਬ ਕਰਨ ਦੀ ਕੋਸ਼ਿਸ਼ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਤੁਰੰਤ ਟੈਲੀਵੀਜ਼ਨ ਲੜੀਵਾਰ 'ਰਾਮ ਸੀਆ ਕੇ ਲਵ-ਕੁਸ਼' ਦੇ ਟੈਲੀਕਾਸਟ ਉਪਰ ਪਾਬੰਦੀ ਲਾ ਦੇਣ, ਜਿਸ ਕਾਰਨ ਵਾਲਮੀਕਿ ਭਾਈਚਾਰੇ ਦੀਆਂ ਭਾਵਨਾਵਾਂ ਭੜਕੀਆਂ ਹਨ ਤੇ ਉਨ੍ਹਾਂ ਵਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਤੁਰੰਤ ਕਾਰਵਾਈ ਕਰਦਿਆਂ ਸੂਬੇ ਭਰ 'ਚ ਡਿਪਟੀ ਕਮਿਸ਼ਨਰਾਂ ਵਲੋਂ ਸ਼ਨੀਵਾਰ ਨੂੰ ਆਪੋ-ਆਪਣੇ ਜ਼ਿਲ੍ਹਿਆਂ 'ਚ ਕੇਬਲ ਆਪਰੇਟਰਾਂ ਨੂੰ ਇਸ ਲੜੀਵਾਰ ਦੇ ਟੈਲੀਕਾਸਟ 'ਤੇ ਰੋਕ ਲਗਾਉਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਕਾਬਲੇਗੋਰ ਹੈ ਕਿ ਵਾਲਮੀਕੀ ਭਾਈਚਾਰੇ ਨੇ ਸ਼ਨੀਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ, ਜਿਸ ਦੌਰਾਨ ਇਕ ਨੌਜਵਾਨ ਨੂੰ ਗੋਲੀ ਲੱਗ ਗਈ ਅਤੇ ਬਾਅਦ ਵਿਚ ਆਪਰੇਸ਼ਨ ਨਾਲ ਬਚਾਅ ਹੋ ਗਿਆ।

ਇਸ ਘਟਨਾ 'ਤੇ ਡੂੰਘਾ ਦੁੱਖ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸੂਬੇ ਦੀ ਸ਼ਾਂਤੀ ਤੇ ਫਿਰਕੂ ਭਾਈਚਾਰੇ ਨੂੰ ਖਰਾਬ ਕਰਨ ਦੀ ਜੋ ਵੀ ਕੋਸ਼ਿਸ਼ ਕਰੇਗਾ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਇਸ ਮੁੱਦੇ 'ਤੇ ਵਾਲਮੀਕਿ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਡੀ. ਟੀ. ਐੱਚ. ਉਪਰ ਇਸ ਲੜੀਵਾਰ ਦੇ ਟੈਲੀਕਾਸਟ ਨੂੰ ਤੁਰੰਤ ਬੰਦ ਕੀਤਾ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।