ਤਿਰੰਗੇ ਨਾਲ ਸਕੂਟਰ ਸਾਫ਼ ਕਰ ਰਿਹਾ ਸੀ ਵਿਅਕਤੀ, ਵੀਡੀਓ ਵਾਇਰਲ ਹੋਣ ’ਤੇ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ’ਤੇ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ।
ਨਵੀਂ ਦਿੱਲੀ: ਤਿਰੰਗੇ ਨਾਲ ਸਕੂਟਰ ਸਾਫ਼ ਕਰਨ ਵਾਲੇ ਵਿਅਕਤੀ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਦਿੱਲੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਾਇਰਲ ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਰਾਸ਼ਟਰੀ ਝੰਡੇ ਨਾਲ ਆਪਣਾ ਸਕੂਟਰ ਸਾਫ ਕਰ ਰਿਹਾ ਹੈ। ਕਿਸੇ ਨੇ ਉਸ ਦਾ ਇਹ ਵੀਡੀਓ ਬਣਾ ਲਿਆ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ’ਤੇ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਟਵੀਟ ਜ਼ਰੀਏ ਜਾਣਕਾਰੀ ਦਿੱਤੀ ਕਿ ਵੀਡੀਓ ਵਿਚ ਦਿਖਾਈ ਦੇ ਰਹੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਵਿਅਕਤੀ ਦੀ ਪਛਾਣ 52 ਸਾਲਾ ਇਰਫ਼ਾਨ ਪੁੱਤਰ ਗੁਲਾਮ ਮੁਹੰਮਦ ਵਜੋਂ ਹੋਈ ਹੈ, ਜੋ ਕਿ ਸੀ-150, ਗਲੀ ਨੰਬਰ 11, ਉੱਤਰੀ ਘੋਂਡਾ ਦਿੱਲੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਵਿਅਕਤੀ ਦਾ ਸਕੂਟਰ ਅਤੇ ਤਿਰੰਗਾ ਵੀ ਬਰਾਮਦ ਕਰ ਲਿਆ ਹੈ। ਪੁਲਿਸ ਨੇ ਨੈਸ਼ਨਲ ਆਨਰ ਐਕਟ 1971 ਦੀ ਅਪਮਾਨ ਦੀ ਰੋਕਥਾਮ ਦੀ ਧਾਰਾ 2 ਤਹਿਤ ਮਾਮਲਾ ਦਰਜ ਕੀਤਾ ਹੈ।