ਪੱਕਾ ਵਿਸ਼ਵਾਸ ਹੈ ਕਿ ਜੀ-20 ਸਿਖਰ ਸੰਮੇਲਨ ਮਨੁੱਖੀ ਕੇਂਦਰਿਤ, ਸਮਾਵੇਸ਼ੀ ਵਿਕਾਸ ਲਈ ਨਵਾਂ ਰਾਹ ਪੱਧਰਾ ਕਰੇਗਾ: ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਤਰੱਕੀ ਲਈ ਮਨੁੱਖੀ-ਕੇਂਦਰਿਤ ਪਹੁੰਚ ’ਤੇ ਭਾਰਤ ਦੇ ਜ਼ੋਰ ਨੂੰ ਵੀ ਰੇਖਾਂਕਿਤ ਕੀਤਾ।

PM Modi

 

ਨਵੀਂ ਦਿੱਲੀ, 8 ਸਤੰਬਰ: ਜੀ-20 ਸੰਮੇਲਨ ਦੀ ਸ਼ੁਰੂਆਤ ਤੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਪ੍ਰਗਟਾਇਆ ਹੈ ਕਿ ਇਹ ਸੰਮੇਲਨ ਮਨੁੱਖੀ ਕੇਂਦਰਿਤ ਅਤੇ ਸਮਾਵੇਸ਼ੀ ਵਿਕਾਸ ਲਈ ਇਕ ਨਵਾਂ ਰਾਹ ਪੱਧਰਾ ਕਰੇਗਾ। ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਜ ਦੇ ਹੇਠਲੇ ਪੱਧਰ ’ਤੇ ਖੜੇ ਲੋਕਾਂ ਦੀ ਸੇਵਾ ਕਰਨ ਦੇ ਉਨ੍ਹਾਂ ਦੇ ਮਿਸ਼ਨ ਨੂੰ ਅਪਣਾਉਣਾ ਜ਼ਰੂਰੀ ਹੈ। ਉਨ੍ਹਾਂ ਤਰੱਕੀ ਲਈ ਮਨੁੱਖੀ-ਕੇਂਦਰਿਤ ਪਹੁੰਚ ’ਤੇ ਭਾਰਤ ਦੇ ਜ਼ੋਰ ਨੂੰ ਵੀ ਰੇਖਾਂਕਿਤ ਕੀਤਾ।

 

ਉਨ੍ਹਾਂ ਕਿਹਾ, ‘‘ਅਸੀਂ ਨਿਰੰਤਰ ਵਿਕਾਸ ਟੀਚਿਆਂ, ਹਰਿਤ ਵਿਕਾਸ ਸਮਝੌਤੇ ਦੀ ਤਰੱਕੀ ’ਚ ਤੇਜ਼ੀ ਲਿਆਉਣਾ ਚਾਹੁੰਦੇ ਹਾਂ ਅਤੇ 21ਵੀਂ ਸਦੀ ਲਈ ਬਹੁਪੱਖੀ ਸੰਸਥਾਨਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ। ਅਸੀਂ ਭਵਿੱਖ ਦੇ ਖੇਤਰਾਂ ਜਿਵੇਂ ਕਿ ਤਕਨੀਕੀ ਤਬਦੀਲੀ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਉੱਚ ਤਰਜੀਹ ਦਿੰਦੇ ਹਾਂ। ਅਸੀਂ ਲਿੰਗ ਸਮਾਨਤਾ, ਮਹਿਲਾ ਸਸ਼ਕਤੀਕਰਨ ਅਤੇ ਵਿਸ਼ਵ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਸਮੂਹਿਕ ਤੌਰ ’ਤੇ ਕੰਮ ਕਰਾਂਗੇ।’’

 

‘ਐਕਸ’ ’ਤੇ ਪੋਸਟਾਂ ਦੀ ਇਕ ਲੜੀ ’ਚ ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤ ਨਵੀਂ ਦਿੱਲੀ ’ਚ 9-10 ਸਤੰਬਰ 2023 ਨੂੰ 18ਵੇਂ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਕੇ ਬਹੁਤ ਖੁਸ਼ ਹੈ। ਇਹ ਪਹਿਲਾ ਜੀ-20 ਸੰਮੇਲਨ ਹੈ, ਜਿਸ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ। ਮੈਂ ਅਗਲੇ ਦੋ ਦਿਨਾਂ ’ਚ ਵਿਸ਼ਵ ਦੇ ਵੱਖ-ਵੱਖ ਨੇਤਾਵਾਂ ਨਾਲ ਲਾਭਕਾਰੀ ਵਿਚਾਰ-ਵਟਾਂਦਰੇ ਦੀ ਉਮੀਦ ਕਰਦਾ ਹਾਂ।’’ ਉਨ੍ਹਾਂ ਕਿਹਾ, ‘‘ਇਹ ਮੇਰਾ ਪੱਕਾ ਵਿਸ਼ਵਾਸ ਹੈ ਕਿ ਨਵੀਂ ਦਿੱਲੀ ਜੀ-20 ਸਿਖਰ ਸੰਮੇਲਨ ਮਨੁੱਖੀ ਕੇਂਦਰਿਤ ਅਤੇ ਸਮਾਵੇਸ਼ੀ ਵਿਕਾਸ ’ਚ ਇਕ ਨਵਾਂ ਰਾਹ ਪੱਧਰਾ ਕਰੇਗਾ।’’

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ 9 ਸਤੰਬਰ ਨੂੰ ਮਹਿਮਾਨਾਂ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ ਅਤੇ 10 ਸਤੰਬਰ ਨੂੰ ਵੱਖ-ਵੱਖ ਦੇਸ਼ਾਂ ਦੇ ਨੇਤਾ ਰਾਜਘਾਟ ’ਤੇ ਗਾਂਧੀ ਜੀ ਨੂੰ ਸ਼ਰਧਾਂਜਲੀ ਦੇਣਗੇ। ਉਨ੍ਹਾਂ ਕਿਹਾ ਕਿ ਉਸੇ ਦਿਨ ਸਮਾਪਤੀ ਸਮਾਰੋਹ ’ਚ ਜੀ-20 ਦੇਸ਼ਾਂ ਦੇ ਨੇਤਾ ਇਕ ‘ਸਿਹਤਮੰਦ ਧਰਤੀ’ ਲਈ ‘ਇਕ ਪਰਿਵਾਰ’ ਦੇ ਰੂਪ ’ਚ ਇਕ ਟਿਕਾਊ ਅਤੇ ਬਰਾਬਰੀ ਵਾਲੇ ‘ਇੱਕ ਭਵਿੱਖ’ ਲਈ ਅਪਣੇ ਸਮੂਹਿਕ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਨਗੇ।