ਭੌਂ-ਰਾਜਨੀਤਿਕ ਵੰਡੀਆਂ ਵਾਲੇ ਸੰਸਾਰ ਵਿਚਕਾਰ ਜੀ-20 ਸੰਮੇਲਨ ਦੀ ਮੇਜ਼ਬਾਨੀ ਲਈ ਭਾਰਤ ਤਿਆਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਭ ਤੋਂ ਵੱਡਾ ਸਵਾਲ : ਕੀ ਸਾਂਝਾ ਐਲਾਨਨਾਮਾ ਜਾਰੀ ਹੋਵੇਗਾ?

India ready to host G20 summit amid geopolitical divisions

 

ਨਵੀਂ ਦਿੱਲੀ: ਭਾਰਤ ਸ਼ਨਿਚਰਵਾਰ 9 ਸਤੰਬਰ ਤੋਂ ਸ਼ੁਰੂ ਹੋ ਰਹੇ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਇਹ ਭਾਰਤ ’ਚ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਵਿਸ਼ਵ ਇਕ ਵੰਡੇ ਹੋਏ ਭੌਂ-ਰਾਜਨੀਤਿਕ ਮਾਹੌਲ ’ਚ ਕਈ ਗੁੰਝਲਦਾਰ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ’ਚ ‘ਗਲੋਬਲ ਸਾਊਥ’, ਯੂਕਰੇਨ ਸੰਘਰਸ਼ ਦੇ ਨਤੀਜੇ, ਉਦਾਸ ਆਰਥਕ ਦ੍ਰਿਸ਼ਟੀਕੋਣ ਆਦਿ ਦੀਆਂ ਚਿੰਤਾਵਾਂ ਸ਼ਾਮਲ ਹਨ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ, ਜਰਮਨ ਚਾਂਸਲਰ ਓਲਾਫ ਸਕੋਲਜ਼, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਜੀ-20 ਸਮੂਹ ਦੇ ਹੋਰ ਨੇਤਾਵਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਮੁਦਰਾ ਫੰਡ, ਵਿਸ਼ਵ ਬੈਂਕ ਅਤੇ ਆਰਥਕ ਸਹਿਕਾਰਤਾ ਅਤੇ ਵਿਕਾਸ ਸੰਗਠਨ (ਓ.ਈ.ਸੀ.ਡੀ.) ਵਰਗੀਆਂ ਪ੍ਰਮੁੱਖ ਵਿਸ਼ਵ ਸੰਸਥਾਵਾਂ ਦੇ ਮੁਖੀ ਸੰਮੇਲਨ ਲਈ ਰਾਸ਼ਟਰੀ ਰਾਜਧਾਨੀ ਇਕੱਠੇ ਹੋ ਰਹੇ ਹਨ।

 

ਭਾਰਤ ਪਹਿਲੀ ਵਾਰ ਜੀ-20 ਸਾਲਾਨਾ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਮੌਕੇ ਵਿਸ਼ਵ ਆਗੂਆਂ ਦਾ ਸ਼ਾਨਦਾਰ ਸਵਾਗਤ ਕਰਨ ਅਤੇ ਸੰਮੇਲਨ ਨੂੰ ਸਫਲ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਅਜਿਹੇ ਮਸ਼ਹੂਰ ਸਮਾਗਮ ਲਈ ਸ਼ਹਿਰ ’ਚ ਕਾਫੀ ਬਦਲਾਅ ਕੀਤੇ ਗਏ ਹਨ। ਪਰ ਸਿਖਰ ਸੰਮੇਲਨ ਵਿਚ ਜਾਣ ਵਾਲਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਸਾਂਝਾ ਐਲਾਨਨਾਮਾ ਜਾਰੀ ਹੋਵੇਗਾ? ਕਿਉਂਕਿ ਦਸਤਾਵੇਜ਼ ’ਚ ਯੂਕਰੇਨ ਜੰਗ ਦਾ ਵਰਣਨ ਕਰਨ ਲਈ ਪਛਮੀ ਦੇਸ਼ਾਂ ਅਤੇ ਰੂਸ-ਚੀਨ ਗੱਠਜੋੜ ਵਿਚਕਾਰ ਤਿੱਖੇ ਮਤਭੇਦ ਹਨ।

 

ਇਸ ਵਿਵਾਦਪੂਰਨ ਮੁੱਦੇ ’ਤੇ ਅਜੇ ਤਕ ਕੋਈ ਸਹਿਮਤੀ ਨਹੀਂ ਬਣੀ ਹੈ ਅਤੇ ਚੋਟੀ ਦੇ ਵਾਰਤਾਕਾਰ ਮਤਭੇਦਾਂ ਨੂੰ ਦੂਰ ਕਰਨ ਲਈ ਗੱਲਬਾਤ ਕਰ ਰਹੇ ਹਨ। ਜੀ-20 ਸਰਬਸੰਮਤੀ ਦੇ ਸਿਧਾਂਤ ’ਤੇ ਕੰਮ ਕਰਦਾ ਹੈ ਅਤੇ ਜੇਕਰ ਕੋਈ ਸਹਿਮਤੀ ਨਹੀਂ ਬਣਦੀ ਹੈ, ਤਾਂ ਸਿਖਰ ਸੰਮੇਲਨ ਬਿਨਾਂ ਕਿਸੇ ਐਲਾਨ ਤੋਂ ਖਤਮ ਹੋ ਸਕਦਾ ਹੈ। ਭਾਰਤ ਦੀ ਪ੍ਰਧਾਨਗੀ ਲਈ ਉਮੀਦ ਦੀ ਕਿਰਨ ਇਹ ਹੈ ਕਿ ਅਫਰੀਕੀ ਸੰਘ ਨੂੰ ਸਮੂਹ ਦੇ ਸਥਾਈ ਮੈਂਬਰ ਵਜੋਂ ਸਵੀਕਾਰ ਕਰਨ ਦੇ ਉਸ ਦੇ ਮਤੇ ਨੂੰ ਲਗਭਗ ਸਾਰੇ ਜੀ-20 ਦੇਸ਼ਾਂ ਤੋਂ ਸਮਰਥਨ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਇਹ ਸਮੂਹ ਸੰਯੁਕਤ ਰਾਸ਼ਟਰ ਤੋਂ ਬਾਅਦ ਸ਼ਾਇਦ ਸਭ ਤੋਂ ਪ੍ਰਭਾਵਸ਼ਾਲੀ ਬਹੁ-ਪੱਖੀ ਫੋਰਮ ਵਜੋਂ ਉਭਰਿਆ ਹੈ।

 

ਭਾਰਤ ਪਿਛਲੇ ਕੁਝ ਸਾਲਾਂ ’ਚ ‘ਗਲੋਬਲ ਸਾਊਥ’ ਜਾਂ ਵਿਕਾਸਸ਼ੀਲ ਦੇਸ਼ਾਂ, ਖਾਸ ਕਰ ਕੇ ਅਫ਼ਰੀਕੀ ਮਹਾਂਦੀਪ ’ਚ ਚਿੰਤਾਵਾਂ, ਚੁਨੌਤੀਆਂ ਅਤੇ ਇੱਛਾਵਾਂ ਨੂੰ ਉਜਾਗਰ ਕਰਨ ’ਚ ਇਕ ਪ੍ਰਮੁੱਖ ਆਵਾਜ਼ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਅਫਰੀਕੀ ਸੰਘ ਨੂੰ ਜੀ-20 ਦਾ ਮੈਂਬਰ ਬਣਾਉਣ ਦਾ ਮੁੱਦਾ ਉਠਾਉਣ ’ਚ ਮੋਹਰੀ ਰਹੇ ਹਨ। ਜੂਨ ’ਚ, ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਸਿਖਰ ਸੰਮੇਲਨ ’ਚ ਜੀ20 ਆਗੂਆਂ ਨੂੰ ਚਿੱਠੀ ਲਿਖ ਕੇ ਅਫਰੀਕਨ ਯੂਨੀਅਨ ਲਈ ਸਮੂਹ ਦੀ ਪੂਰੀ ਮੈਂਬਰਸ਼ਿਪ ਲਈ ਪੈਰਵੀ ਕੀਤੀ ਸੀ। ਯੂਰਪੀਅਨ ਯੂਨੀਅਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਹ ਨਵੀਂ ਦਿੱਲੀ ’ਚ ਜੀ20 ਸੰਮੇਲਨ ’ਚ ਸਮੂਹ ਦੇ ਸਥਾਈ ਮੈਂਬਰ ਵਜੋਂ ਅਫਰੀਕੀ ਸੰਘ ਦਾ ਸੁਆਗਤ ਕਰਨ ਲਈ ਉਤਸੁਕ ਹੈ।

ਯੂਰਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਭਾਰਤ ਦੀ ਪ੍ਰਧਾਨਗੀ ਹੇਠ ਹੋ ਰਹੇ ਜੀ-20 ਸੰਮੇਲਨ ਤੋਂ ਇਕ ਦਿਨ ਪਹਿਲਾਂ ਇਹ ਗੱਲ ਕਹੀ। ਮਿਸ਼ੇਲ ਨੇ ਇਕ ਪ੍ਰੈਸ ਕਾਨਫਰੰਸ ’ਚ ਕਿਹਾ, ‘‘ਯੂਰਪੀਅਨ ਯੂਨੀਅਨ ਜੀ-20 ਦੇ ਸਥਾਈ ਮੈਂਬਰ ਵਜੋਂ ਅਫਰੀਕੀ ਸੰਘ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹੈ।’’
ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ’ਚ ਪੀ.ਟੀ.ਆਈ. ਨਾਲ ਇਕ ਇੰਟਰਵਿਊ ’ਚ ਕਿਹਾ ਸੀ, ‘‘ਇਹ ਸਮਝ ਵੱਧ ਰਹੀ ਹੈ ਕਿ ਦੁਨੀਆ ਨੂੰ ਲੋੜੀਂਦੇ ਬਹੁਤ ਸਾਰੇ ਹੱਲ ਸਾਡੇ ਦੇਸ਼ ’ਚ ਪਹਿਲਾਂ ਹੀ ਸਫਲਤਾਪੂਰਵਕ ਲਾਗੂ ਕੀਤੇ ਜਾ ਰਹੇ ਹਨ। ਭਾਰਤ ਦੀ ਜੀ-20 ਪ੍ਰਧਾਨਗੀ ਤੋਂ ਕਈ ਸਕਾਰਾਤਮਕ ਪ੍ਰਭਾਵ ਸਾਹਮਣੇ ਆ ਰਹੇ ਹਨ। ਉਨ੍ਹਾਂ ’ਚੋਂ ਕੁਝ ਮੇਰੇ ਦਿਲ ਦੇ ਬਹੁਤ ਨੇੜੇ ਹਨ।’’ ਅਧਿਕਾਰੀਆਂ ਨੇ ਸੰਕੇਤ ਦਿਤਾ ਕਿ ਵਿਸ਼ਵ ਦੇ ਸਾਹਮਣੇ ਕੁਝ ਗੰਭੀਰ ਚੁਨੌਤੀਆਂ ਦਾ ਸਿਖਰ ਸੰਮੇਲਨ ’ਚ ਸਕਾਰਾਤਮਕ ਨਤੀਜਾ ਹੋਵੇਗਾ।

 

ਸਾਂਝੇ ਐਲਾਨਨਾਮੇ ’ਤੇ ਸਹਿਮਤੀ ਬਣਨ ਦੀ ਉਮੀਦ: ਭਾਰਤ

ਜੀ-20 ਸੰਮੇਲਨ ਤੋਂ ਪਹਿਲਾਂ ਭਾਰਤ ਨੇ ਸ਼ੁਕਰਵਾਰ ਨੂੰ ਕਿਹਾ ਕਿ ‘ਨਵੀਂ ਦਿੱਲੀ ਲੀਡਰਾਂ ਦਾ ਐਲਾਨਨਾਮਾ’ ਲਗਭਗ ਤਿਆਰ ਹੈ ਅਤੇ ਇਸ ’ਤੇ ਸਹਿਮਤੀ ਬਣਾਉਣ ਲਈ ਗੱਲਬਾਤ ਚੱਲ ਰਹੀ ਹੈ। ਜੀ-20 ਨਾਲ ਜੁੜੇ ਚੋਟੀ ਦੇ ਭਾਰਤੀ ਅਧਿਕਾਰੀਆਂ ਨੇ ਸੰਮੇਲਨ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਉਨ੍ਹਾਂ ਨੂੰ ਆਮ-ਸਹਿਮਤੀ ਨਾਲ ਇਕ ਸਾਂਝਾ ਐਲਾਨਨਾਮਾ ਤਿਆਰ ਕੀਤੇ ਜਾਣ ਦੀ ਉਮੀਦ ਹੈ। ਉਨ੍ਹਾਂ ਨੇ ਰੂਸ-ਯੂਕਰੇਨ ਜੰਗ ਅਤੇ ਜਲਵਾਯੂ ਨਾਲ ਸਬੰਧਤ ਮੁੱਦਿਆਂ ਵਰਗੇ ਗੁੰਝਲਦਾਰ ਵਿਸ਼ਿਆਂ ’ਤੇ ਵਿਸਤਾਰ ਨਾਲ ਕੁਝ ਨਹੀਂ ਕਿਹਾ। ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਨਵੀਂ ਦਿੱਲੀ ਐਲਾਨਨਾਮੇ ’ਤੇ ਯੂਕਰੇਨ ਮੁੱਦੇ ਕਾਰਨ ਸਮਝੌਤੇ ’ਚ ਰੁਕਾਵਟ ਬਾਰੇ ਇਕ ਸਵਾਲ ਦੇ ਜਵਾਬ ਵਿਚ ਕਿਹਾ, ‘‘ਭਾਰਤ ਨੂੰ ਉਮੀਦ ਹੈ ਕਿ ਸਾਰੇ ਜੀ-20 ਮੈਂਬਰ ਸਹਿਮਤੀ ਵੱਲ ਵਧਣਗੇ।’’

 

ਜੀ-20 ’ਚ ਅਫਰੀਕੀ ਸੰਘ ਨੂੰ ਸ਼ਾਮਲ ਕਰਨ ਦੀ ਸੰਭਾਵਨਾ ’ਤੇ ਕਵਾਤਰਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸ਼ਨਿਚਰਵਾਰ ਤੋਂ ਸ਼ੁਰੂ ਹੋਣ ਵਾਲੇ ਸਿਖਰ ਸੰਮੇਲਨ ਦੀ ਕਾਰਵਾਈ ’ਚ ਕੋਈ ਢੁਕਵਾਂ ਫੈਸਲਾ ਲਿਆ ਜਾਵੇਗਾ। ਭਾਰਤ ਦੇ ਜੀ-20 ਸ਼ੇਰਪਾ ਅਮਿਤਾਭ ਕਾਂਤ ਨੇ ਕਿਹਾ ਕਿ ‘ਨਵੀਂ ਦਿੱਲੀ ਲੀਡਰਾਂ ਦਾ ਐਲਾਨਨਾਮਾ’ ‘ਗਲੋਬਲ ਸਾਊਥ’ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਬਣੇਗਾ। ‘ਗਲੋਬਲ ਸਾਊਥ’ ਸ਼ਬਦ ਦੀ ਵਰਤੋਂ ਆਮ ਤੌਰ ’ਤੇ ਆਰਥਕ ਤੌਰ ’ਤੇ ਘੱਟ ਵਿਕਸਤ ਦੇਸ਼ਾਂ ਲਈ ਕੀਤੀ ਜਾਂਦੀ ਹੈ। ਜੀ-20 ਸ਼ੇਰਪਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿਤਾ ਸੀ ਕਿ ਭਾਰਤ ਦੀ ਪ੍ਰਧਾਨਗੀ ਸਮਾਵੇਸ਼ੀ, ਅਭਿਲਾਸ਼ੀ, ਕਾਰਜ-ਮੁਖੀ ਅਤੇ ਫੈਸਲਾਕੁੰਨ ਹੋਣੀ ਚਾਹੀਦੀ ਹੈ।

ਕਾਂਤ ਨੇ ਕਿਹਾ, ‘‘ਅਸੀਂ ਇਨ੍ਹਾਂ ਚਾਰ ਸਿਧਾਂਤਾਂ ’ਤੇ ਕੰਮ ਕੀਤਾ ਹੈ। ‘ਨਵੀਂ ਦਿੱਲੀ ਲੀਡਰਾਂ ਦਾ ਐਲਾਨਨਾਮਾ’ ਲਗਭਗ ਤਿਆਰ ਹੈ। ਮੈਂ ਇਸ ਬਾਰੇ ਵਿਸਥਾਰ ਨਾਲ ਗੱਲ ਨਹੀਂ ਕਰਾਂਗਾ ਕਿਉਂਕਿ ਇਹ ਕਾਨਫਰੰਸ ਦੌਰਾਨ ਨੇਤਾਵਾਂ ਨੂੰ ਸੌਂਪਿਆ ਜਾਵੇਗਾ ਅਤੇ ਉਨ੍ਹਾਂ ਦੀ ਸਹਿਮਤੀ ਤੋਂ ਬਾਅਦ ਅਸੀਂ ਇਸ ਐਲਾਨਨਾਮੇ ਦੀਆਂ ਅਸਲ ਪ੍ਰਾਪਤੀਆਂ ਬਾਰੇ ਗੱਲ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ 60 ਸ਼ਹਿਰਾਂ ’ਚ ਜੀ-20 ਨਾਲ ਸਬੰਧਤ 220 ਤੋਂ ਵੱਧ ਮੀਟਿੰਗਾਂ ਹੋ ਚੁੱਕੀਆਂ ਹਨ, ਜੋ ਭਾਰਤ ਦੀ ਵੰਨ-ਸੁਵੰਨਤਾ ਅਤੇ ਸੰਘੀ ਢਾਂਚੇ ਨੂੰ ਦਰਸਾਉਂਦੀਆਂ ਹਨ।