ਆਸਟਰੇਲੀਆ ਦੇ ਸਾਬਕਾ ਓਪਨਰ ਮੈਥਿਊ ਹੇਡਨ ਹਾਦਸੇ 'ਚ ਗੰਭੀਰ ਜ਼ਖ਼ਮੀ
ਹੇਡਨ ਨੂੰ ਨਾ ਸਿਰਫ ਆਸਟਰੇਲੀਆ ਦਾ ਸਗੋਂ ਦੁਨੀਆਂ ਦਾ ਸਭ ਤੋਂ ਵਧੀਆ ਉਪਨਰ ਮੰਨਿਆ ਜਾਂਦਾ ਹੈ।
ਸਿਡਨੀ : ਆਸਟਰੇਲੀਆ ਦੇ ਸਾਬਕਾ ਕ੍ਰਿਕੇਟਰ ਮੈਥਿਊ ਹੇਡਨ ਇਕ ਦੁਰਘਟਨਾ ਵਿਚ ਬੁਰੀ ਤਰਾਂ ਜਖ਼ਮੀ ਹੋ ਗਏ। ਦਰਅਸਲ ਸਰਫਿੰਗ ਦੌਰਾਨ ਉਨਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸਿਰ ਦੇ ਭਾਰ ਡਿੱਗ ਗਏ। ਇਸ ਹਾਦਸੇ ਵਿਚ ਹੇਡਨ ਨੂੰ ਸਿਰ ਅਤੇ ਰੀਡ ਦੀ ਹੱਡੀ ਵਿਚ ਗੰਭੀਰ ਸੱਟਾਂ ਲੱਗੀਆਂ ਹਨ। ਹੇਡਨ ਨੇ ਸੋਸ਼ਲ ਮੀਡੀਆ ਰਾਹੀ ਇਸ ਹਾਦਸੇ ਦੀ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨੂੰ ਦਿਤੀ। ਹੇਡਨ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਵਿਚ ਉਸਦੇ ਸਿਰ ਅਤੇ ਗਲੇ ਵਿਚ ਲਗੀਆਂ ਸੱਟਾਂ ਸਾਫ ਨਜ਼ਰ ਆ ਰਹੀਆਂ ਹਨ।
ਇਸ ਤਸਵੀਰ ਦੇ ਨਾਲ ਉਨਾਂ ਲਿਖਿਆ ਕਿ ਸਾਰਿਆਂ ਦਾ ਧੰਨਵਾਦ, ਹੁਣ ਮੈਂ ਠੀਕ ਹੋ ਰਿਹਾ ਹਾਂ। ਹੇਡਨ ਨੂੰ ਇਹ ਸੱਟ ਉਸ ਵੇਲੇ ਲੱਗੀ ਜਦੋਂ ਉਹ ਅਪਣੇ ਬੇਟੇ ਦੇ ਨਾਲ ਕਵੀਂਸਲੈਂਡ ਵਿਚ ਸਰਫਿੰਗ ਦਾ ਮਜ਼ਾ ਲੈਣ ਗਏ ਹੋਏ ਸਨ। ਸਰਫਿੰਗ ਦੌਰਾਨ ਉਨਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸਿਰ ਦੇ ਭਾਰ ਜਮੀਨ ਤੇ ਡਿੱਗ ਗਏ। ਹੇਡਨ ਦੇ ਗਲੇ ਵਿਚ ਬੈਲਟ ਲਗੀ ਹੋਈ ਹੈ ਅਤੇ ਉਹ ਬਿਸਤਰ ਤੇ ਲੰਮੇ ਪਏ ਹੋਏ ਹਨ। ਹੇਡਨ ਨੂੰ ਸਰਫਿੰਗ ਦਾ ਬਹੁਤ ਸ਼ੌਕ ਹੈ ਅਤੇ ਜਦੋਂ ਵੀ ਸਮਾਂ ਮਿਲਦਾ ਹੈ ਉਹ ਇਸਦਾ ਮਜ਼ਾ ਲੈਣ ਚਲੇ ਜਾਂਦੇ ਹਨ।
ਪਰ ਇਸ ਵਾਰ ਇਹ ਸਜ਼ਾ ਵਿਚ ਬਦਲ ਗਈ ਹੇਡਨ ਨੂੰ ਨਾ ਸਿਰਫ ਆਸਟਰੇਲੀਆ ਦਾ ਸਗੋਂ ਦੁਨੀਆਂ ਦਾ ਸਭ ਤੋਂ ਵਧੀਆ ਉਪਨਰ ਮੰਨਿਆ ਜਾਂਦਾ ਹੈ। ਆਸਟਰੇਲੀਆ ਵੱਲੋਂ ਖੇਡਦੇ ਹੋਏ ਉਨਾਂ 103 ਟੈਸਟ ਮੈਚਾਂ ਵਿਚ 50 ਤੋਂ ਜਿਆਦਾ ਔਸਤ ਨਾਲ 8625 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨਾਂ ਬੱਲੇ ਤੋਂ 30 ਸੈਂਕੜੇ ਅਤੇ 29 ਅਰਧ ਸੈਂਕੜੇ ਬਣੇ ਹਨ।
ਲਗਾਤਾਰ ਪੰਜ ਸਾਲ 1000 ਤੋਂ ਵੱਧ ਦੌੜਾਂ ਬਣਾਉਣ ਵਾਲੇ ਹੇਡਨ ਦੁਨੀਆ ਦੇ ਇਕਲੌਤੇ ਬੱਲੇਬਾਜ਼ ਹਨ। ਦੂਜੇ ਪਾਸੇ ਜੇਕਰ ਵਨਡੇ ਕ੍ਰਿਕੇਟ ਦੀ ਗੱਲ ਕਰੀਏ ਤਾਂ ਉਨਾਂ ਨੇ 161 ਵਨਡੇ ਵਿਚ 43 ਤੋਂ ਵੱਧ ਦੀ ਔਸਤ ਨਾਲ 6123 ਦੌੜਾਂ ਬਣਾਈਆਂ ਹਨ। ਅਪਣੇ ਵਨਡੇ ਕੈਰੀਅਰ ਵਿਚ ਉਨਾਂ ਨੇ 10 ਸੈਂਕੜੇ ਅਤੇ 36 ਅਰਧ ਸੈਂਕੜੇ ਲਗਾਏ ਹਨ।