ਸ਼੍ਰੋਮਣੀ ਕਮੇਟੀ ਚੋਣਾਂ ਪੂਰੀ ਨਿਰਪੱਖਤਾ ਨਾਲ ਹੋਈਆਂ ਤਾਂ ਬਾਦਲਾਂ ਦਾ ਗ਼ਲਬਾ ਖ਼ਤਮ ਹੋ ਜਾਵੇਗਾ : ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਕਾਲੀ ਭਾਜਪਾ ਗਠਜੋੜ ਟੁੱਟਣ ਪਿਛੋਂ ਅਕਾਲੀ ਦਲ ਬਾਦਲ ਖੇਤਰੀ ਪਾਰਟੀਆਂ ਨਾਲ ਗਠਜੋੜ ਕਾਇਮ ਕਰਨ ਲਈ ਤਰਲੋਮੱਛੀ ਹੋ ਰਿਹਾ

Harvinder Singh Sarna

ਨਵੀਂ ਦਿੱਲੀ  (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਕਿਹਾ ਹੈ ਕਿ ਜੇ ਸ਼੍ਰੋਮਣੀ ਕਮੇਟੀ ਚੋਣਾਂ ਪੂਰੀ ਨਿਰਪੱਖਤਾ, ਬਿਨਾਂ ਖ਼ਰੀਦੋ ਫ਼ਰੋਖ਼ਤ ਅਤੇ ਅਸਲ ਸਿੱਖ ਵੋਟਰਾਂ ਦੀਆਂ ਵੋਟਾਂ ਨਾਲ ਹੋਣਗੀਆਂ, ਤਾਂ ਸ਼੍ਰੋਮਣੀ ਕਮੇਟੀ ਸਣੇ ਸਿੱਖ ਅਦਾਰਿਆਂ ਤੋਂ ਬਾਦਲਾਂ ਦਾ ਗ਼ਲਬਾ ਖ਼ਤਮ ਹੋ ਜਾਵੇਗਾ।

ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸੰਘੀ ਢਾਂਚੇ ਦੀ ਮਜ਼ਬੂਤੀ ਲਈ ਕਮੇਟੀ ਕਾਇਮ ਕਰਨ ਦਾ ਐਲਾਨ ਸਿਰਫ਼ ਧੋਖਾ ਹੈ ਕਿਉਂਕਿ 1996 ਦੀ ਮੋਗਾ ਕਾਨਫ਼ਰੰਸ ਵਿਚ ਹੀ ਬਾਦਲ ਦਲ ਨੇ ਅਕਾਲੀ ਦਲ ਦੇ ਅਸਲ ਟੀਚਿਆਂ,  (ਜਿਨ੍ਹਾਂ ਵਿਚ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਟੀਚਾ ਵੀ ਸੀ), ਨੂੰ ਤਿਲਾਂਜਲੀ ਦੇ ਦਿਤੀ ਸੀ। ਹੁਣ ਅਪਣਾ ਖੁਸਿਆ ਆਧਾਰ ਵੇਖ ਕੇ ਬਾਦਲਾਂ ਨੂੰ ਮੁੜ ਸੂਬਿਆਂ ਦੇ ਵੱਧ ਹੱਕਾਂ ਦਾ ਚੇਤਾ ਆ ਗਿਆ ਹੈ।

ਉਨ੍ਹਾਂ ਕਿਹਾ ਅਕਾਲੀ ਭਾਜਪਾ ਗਠਜੋੜ ਟੁੱਟਣ ਪਿਛੋਂ ਅਕਾਲੀ ਦਲ ਬਾਦਲ ਖੇਤਰੀ ਪਾਰਟੀਆਂ ਨਾਲ ਗਠਜੋੜ ਕਾਇਮ ਕਰਨ ਲਈ ਤਰਲੋਮੱਛੀ ਹੋ ਰਿਹਾ ਹੈ। ਇਸ ਲਈ ਬਲਵਿੰਦਰ ਸਿੰਘ ਭੂੰਦੜ, ਸਾਬਕਾ ਐਮ ਪੀ ਪ੍ਰੇਮ ਸਿੰਘ ਚੰਦੂਮਾਜਰਾ, ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਦੀ ਕਮੇਟੀ ਕਾਇਮ ਕੀਤੀ ਗਈ ਹੈ ਜੋ ਕਿਸਾਨੀ ਮੁੱਦਿਆਂ 'ਤੇ ਖੇਤਰੀ ਪਾਰਟੀਆਂ ਦੀ ਹਮਾਇਤ ਲਏਗੀ। ਇਹ ਕਮੇਟੀ ਇਕ ਸਿਆਸੀ ਡਰਾਮਾ ਹੈ, ਉਸ ਤੋਂ ਵੱਧ ਕੁੱਝ ਨਹੀਂ।