ਝੂਠੀ ਟੀ.ਆਰ.ਪੀ ਖੇਡਦੇ ਖੇਡਦੇ ਦੋ ਕਾਬੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੀਪਬਲਿਕ ਟੀਵੀ ਸਣੇ 3 ਚੈਨਲ ਪੈਸੇ ਦੇ ਕੇ ਵਧਾਉਂਦੇ ਸਨ ਅਪਣੀ ਟੀ.ਆਰ.ਪੀ : ਮੁੰਬਈ ਪੁਲਿਸ ਕਮਿਸ਼ਨਰ

image

ਮੁੰਬਈ, 8 ਅਕਤੂਬਰ :  ਮੁੰਬਈ ਪੁਲਿਸ ਨੇ ਅੱਜ ਝੂਠੀ ਟੀ.ਆਰ.ਪੀ ਦੇ ਰੈਕੇਟ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਪ੍ਰੈਸ ਕਾਨਫ਼ਰੰਸ 'ਚ ਦੱਸਿਆ ਕਿ ਰਿਪਬਲਿਕ ਟੀਵੀ ਸਮੇਤ 3 ਚੈਨਲ ਟੀ.ਆਰ.ਪੀ ਖ਼ਰੀਦਦੇ ਸਨ। ਇਸ ਮਾਮਲੇ ਵਿਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਚੈਨਲਾਂ ਨਾਲ ਜੁੜੇ ਲੋਕਾਂ ਨੂੰ ਪੁਛਗਿਛ ਲਈ ਬੁਲਾਇਆ ਜਾਵੇਗਾ। ਇਨ੍ਹਾਂ ਵਿਚੋਂ ਇਕ ਵਿਅਕਤੀ ਦੇ ਖਾਤੇ 'ਚੋਂ 20 ਲੱਖ ਰੁਪਏ ਜ਼ਬਤ ਕੀਤੇ ਹਨ, ਜਦਕਿ ਉਸਦੇ ਬੈਂਕ ਲਾਕਰ 'ਚੋਂ 8.5 ਰੁਪਏ ਵੀ ਮਿਲੇ ਹਨ। ਦੂਜੇ ਪਾਸੇ ਰਿਪਬਲਿਕ ਮੀਡੀਆ ਨੈਟਵਰਕ ਨੇ ਦੋਸ਼ਾਂ ਨੂੰ ਝੂਠਾ ਦਸਿਆ ਹੈ।

image


   ਪੁਲਿਸ ਕਮਿਸ਼ਨਰ ਨੇ ਦਸਿਆ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਘਰਾਂ 'ਚ ਝੂਠੀ ਟੀ.ਆਰ.ਪੀ ਦੀ ਖੇਡ ਖੇਡੀ ਜਾ ਰਹੀ ਹੈ। ਜਾਣਕਾਰੀ ਮਿਲਣ ਤੋਂ ਬਾਅਦ ਅਪਰਾਧ ਸ਼ਾਖਾ ਨੇ ਜਾਂਚ ਕਰਦਿਆਂ ਉਕਤ ਰੈਕੇਟ ਦਾ ਪਰਦਾਫ਼ਾਸ਼ ਕੀਤਾ। ਰਿਪਬਲਿਕ ਟੀਵੀ ਦੇ ਪ੍ਰਮੋਟਰ ਅਤੇ ਨਿਰਦੇਸ਼ਕ ਵਿਰੁਧ ਜਾਂਚ ਕੀਤੀ ਜਾ ਰਹੀ ਹੈ। ਹਿਰਾਸਤ ਵਿਚ ਲਏ ਗਏ ਲੋਕਾਂ ਨੇ ਕਬੂਲਿਆ ਹੈ ਕਿ ਇਹ ਚੈਨਲ ਪੈਸੇ ਦੇ ਕੇ ਟੀ.ਆਰ.ਪੀ ਵਧਾਉਂਦੇ ਸਨ ਸਨ।


    ਪੁਲਿਸ ਕਮਿਸ਼ਨਰ ਨੇ ਅੱਗੇ ਦਸਿਆ ਕਿ ਜਾਂਚ ਦੌਰਾਨ ਅਜਿਹੇ ਮਕਾਨ ਮਿਲੇ ਹਨ ਜਿਥੇ ਟੀ.ਆਰ.ਪੀ ਮੀਟਰ ਲਗਾਏ ਗਏ ਸਨ। ਇਥੋਂ ਹੀ ਪੈਸੇ ਲੈ ਕੇ ਦਿਨ ਭਰ ਇਕੋ ਚੈਨਲ ਚਲਾ ਕੇ ਸਬੰਧਤ ਚੈਨਲ ਦੀ ਟੀ.ਆਰ.ਪੀ ਵਧਾਈ ਜਾਂਦੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਘਰ ਜੋ ਬੰਦ ਪਏ ਹਨ ਪਰ ਇਥੇ ਟੀ ਵੀ ਚਲਦੇ ਰਹਿੰਦੇ ਸਨ। ਕਮਿਸ਼ਨਰ ਨੇ ਦਸਿਆ ਕਿ ਚੈਨਲ ਜਾਂ ਏਜੰਸੀ ਦੁਆਰਾ ਉਕਤ ਵਿਅਕਤੀਆਂ ਨੂੰ 500 ਰੁਪਏ ਪ੍ਰਤੀ ਦਿਨ ਤਕ ਦਿਤਾ ਜਾਂਦਾ ਸੀ। ਮੁੰਬਈ ਵਿਚ ਪੀਪਲਜ਼ ਮੀਟਰ ਲਗਾਉਣ ਦਾ ਕੰਮ ਹੰਸਾ ਨਾਮ ਦੀ ਇਕ ਏਜੰਸੀ ਨੂੰ ਦਿੱਤਾ ਗਿਆ ਸੀ। ਇਸ ਏਜੰਸੀ ਦੇ ਹੀ ਕੁਝ ਲੋਕਾਂ ਨੇ ਚੈਨਲਾਂ ਨਾਲ ਮਿਲ ਕੇ ਇਹ ਖੇਡ ਸ਼ੁਰੂ ਕੀਤੀ ਹੈ। ਜਾਂਚ ਦੌਰਾਨ, ਹੰਸਾਂ ਦੇ ਸਾਬਕਾ ਕਰਮਚਾਰੀਆਂ ਨੇ ਗੁਪਤ ਅੰਕੜੇ ਸਾਂਝੇ ਕੀਤੇ।