ਸਾਡੀ ਸਰਕਾਰ ਆਉਣ 'ਤੇ ਕਿਸਾਨਾਂ ਨੂੰ ਮਿਲਣਗੇ ਕਰੋੜਾਂ ਰੁਪਏ - ਅਖਿਲੇਸ਼ ਯਾਦਵ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮੰਤਰੀ ਦੇ ਬੇਟੇ ਨੂੰ ਤਲਬ ਕਰਨਾ ਰਸਮੀ ਗੱਲ ਹੈ, ਨਿਰਪੱਖ ਜਾਂਚ ਲਈ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ: ਅਖਿਲੇਸ਼

Akhilesh Yadav

 

ਲਖਨਊ - ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਨੂੰ ਪੁੱਛਗਿੱਛ ਲਈ ਬੁਲਾਉਣਾ ਇੱਕ ਰਸਮੀ ਗੱਲ ਹੈ ਅਤੇ ਨਿਰਪੱਖ ਜਾਂਚ ਲਈ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਯਾਦਵ ਨੇ ਲਖੀਮਪੁਰ ਹਿੰਸਾ ਵਿਚ ਮਾਰੇ ਗਏ ਦੋ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਬਹਰਾਇਚ ਲਈ ਰਵਾਨਾ ਹੋਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਪਣੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਜੈ ਮਿਸ਼ਰਾ ਦੇ ਪੁੱਤਰ ਨੂੰ ਸੰਮਨ ਭੇਜਣਾ ਇੱਕ ਰਸਮੀ ਗੱਲ ਹੈ। ਸਰਕਾਰ ਨੂੰ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਹੁਣ ਜਾਗ ਜਾਣਾ ਚਾਹੀਦਾ ਹੈ।

ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਤੋਂ ਪੁੱਛਗਿੱਛ ਕਰਨ ਵਾਲੇ ਅਧਿਕਾਰੀ ਨੂੰ ਪਹਿਲਾਂ ਉਹਨਾਂ ਨੂੰ ਸਲਾਮ ਕਰਨਾ ਪਵੇਗਾ ਅਤੇ ਫਿਰ ਪ੍ਰਸ਼ਨ ਪੁੱਛਣਾ ਪਵੇਗਾ ਅਤੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਫਿਰ ਸਲਾਮ ਕਰਨਾ ਪਵੇਗਾ। ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਦੇ ਨੇਪਾਲ ਭੱਜਣ ਦੀਆਂ ਰਿਪੋਰਟਾਂ ਬਾਰੇ ਪੁੱਛੇ ਜਾਣ 'ਤੇ ਅਖਿਲੇਸ਼ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ।

ਉਨ੍ਹਾਂ ਕਿਹਾ, “ਜੇ ਇਹ ਸੱਚ ਹੈ ਤਾਂ ਕੇਂਦਰ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ ਅਤੇ ਮੁਲਜ਼ਮਾਂ ਨੂੰ ਨੇਪਾਲ ਤੋਂ ਗ੍ਰਿਫ਼ਤਾਰ ਕਰਾਉਣਾ ਚਾਹੀਦਾ ਹੈ।” ਉਨ੍ਹਾਂ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਆਪਣੇ ਨੇਤਾਵਾਂ ਦੁਆਰਾ ਕੀਤੇ ਗਏ ਅਪਰਾਧਾਂ ਨੂੰ ਛੁਪਾਉਂਦੀ ਹੈ ਅਤੇ ਪਾਰਟੀ ਵਿਚ ਉਨ੍ਹਾਂ ਦਾ "ਗੁਲਦਸਤੇ" ਨਾਲ ਸਵਾਗਤ ਕਰਦੀ ਹੈ।

ਯੋਗੀ ਆਦਿੱਤਿਆਨਾਥ ਸਰਕਾਰ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ, "ਵੀਡੀਓ ਅਤੇ ਸਬੂਤ ਸਾਹਮਣੇ ਆ ਗਏ ਹਨ ਤੇ ਹੋਰ ਵੀ ਸਾਹਮਣਏ ਆ ਰਹੇ ਹਨ ਅਤੇ ਚਸ਼ਮਦੀਦ ਗਵਾਹ ਕਹਿ ਰਹੇ ਹਨ ਕਿ ਕਿਸਾਨਾਂ 'ਤੇ ਹਮਲੇ ਦੇ ਪਿੱਛੇ ਮੰਤਰੀ ਦੇ ਬੇਟੇ ਦਾ ਹੱਥ ਹੈ। ਇਹ 'ਦਮਦਾਰ' (ਮਜ਼ਬੂਤ) ਸਰਕਾਰ, ਜਿਵੇਂ ਕਿ ਆਪਣੇ ਇਸ਼ਤਿਹਾਰਾਂ ਵਿਚ ਇਹ ਦਾਅਵਾ ਕੀਤਾ ਗਿਆ ਹੈ, ਇਹ ਸਿਰਫ 'ਸ਼ਕਤੀਸ਼ਾਲੀ' ਲੋਕਾਂ ਲਈ ਹੈ।

ਉਨ੍ਹਾਂ ਕਿਹਾ ਕਿ ਜੇਕਰ ਸਪਾ ਸੱਤਾ ਵਿਚ ਆਉਂਦੀ ਹੈ ਤਾਂ ਸਰਕਾਰ ਕਿਸਾਨਾਂ ਨੂੰ ਕਰੋੜਾਂ ਰੁਪਏ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੋਲ ਕਿਸਾਨ ਪਰਿਵਾਰਾਂ ਲਈ ਦੋ ਕਰੋੜ ਰੁਪਏ ਨਹੀਂ ਹਨ। ਦੱਸ ਦਈਏ ਕਿ ਅਖਿਲੇਸ਼ ਯਾਦਵ ਵੀਰਵਾਰ ਨੂੰ ਲਖੀਮਪੁਰ ਆਏ ਸਨ ਅਤੇ ਹਿੰਸਾ ਵਿਚ ਮਾਰੇ ਗਏ ਦੋ ਕਿਸਾਨਾਂ ਅਤੇ ਇੱਕ ਪੱਤਰਕਾਰ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਸਨ। ਜ਼ਿਕਰਯੋਗ ਹੈ ਕਿ ਐਤਵਾਰ (3 ਅਕਤੂਬਰ) ਨੂੰ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੋਨੀਆ ਖੇਤਰ ਵਿਚ ਹਿੰਸਾ ਵਿਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਸੀ।