ਮੈਂ ਕਾਰਪੋਰੇਟ ਦੇ ਖਿਲਾਫ਼ ਨਹੀਂ, ਏਕਾਧਿਕਾਰ ਦੇ ਖਿਲਾਫ਼ ਹਾਂ : ਰਾਹੁਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਕਰ ਰਾਜਸਥਾਨ ਸਰਕਾਰ ਨੇ ਗਲਤ ਤਰੀਕੇ ਨਾਲ ਅਡਾਨੀ ਨੂੰ ਕਾਰੋਬਾਰ ਦਿੱਤਾ ਹੈ ਤਾਂ ਵੀ ਮੈਂ ਇਸ ਦੇ ਖਿਲਾਫ਼ ਹਾਂ।

Rahul Gandhi

 

ਮੰਡਿਆ - ਰਾਹੁਲ ਗਾਂਧੀ ਨੇ ਰਾਜਸਥਾਨ ਵਿਚ ਉਦਯੋਗਪਤੀ ਗੌਤਮ ਅਡਾਨੀ ਵੱਲੋਂ ਕੀਤੇ ਨਿਵੇਸ਼ ਦੇ ਐਲਾਨ ਤੋਂ ਇੱਕ ਦਿਨ ਬਾਅਦ ਕਿਹਾ ਕਿ ਉਹ ਕਾਰਪੋਰੇਟਸ ਦੇ ਖਿਲਾਫ਼ ਨਹੀਂ ਹਨ ਪਰ ਸਿਆਸੀ ਮਦਦ ਨਾਲ ਵਪਾਰ ਜਗਤ ਵਿਚ ਏਕਾਧਿਕਾਰ ਸਥਾਪਤ ਕਰਨ ਦੇ ਖਿਲਾਫ਼ ਹਨ। ਸਾਬਕਾ ਕਾਂਗਰਸ ਪ੍ਰਧਾਨ ਨੇ ਪੱਤਰਕਾਰਾਂ ਨੂੰ ਕਿਹਾ, ''ਅਡਾਨੀ ਨੇ ਰਾਜਸਥਾਨ ਲਈ ਲਗਭਗ 60,000 ਕਰੋੜ ਰੁਪਏ ਦੇ ਨਿਵੇਸ਼ ਦਾ ਪ੍ਰਸਤਾਵ ਰੱਖਿਆ ਹੈ। ਕੋਈ ਵੀ ਮੁੱਖ ਮੰਤਰੀ ਇਸ ਤੋਂ ਇਨਕਾਰ ਨਹੀਂ ਕਰ ਸਕਦਾ। ਮੇਰਾ ਵਿਰੋਧ ਏਕਾਧਿਕਾਰ ਦੇ ਖਿਲਾਫ਼ ਹੈ।" 

ਰਾਹੁਲ ਗਾਂਧੀ ਨੇ ਕਿਹਾ ਕਿ ਰਾਜਸਥਾਨ ਸਰਕਾਰ ਨੇ ਨਾ ਤਾਂ ਅਡਾਨੀ 'ਤੇ ਕੋਈ ਖ਼ਾਸ ਧਿਆਨ ਦਿੱਤਾ ਅਤੇ ਨਾ ਹੀ ਆਪਣੀ ਸਿਆਸੀ ਤਾਕਤ ਦੀ ਵਰਤੋਂ ਕਰਕੇ ਉਸ ਦੇ ਕਾਰੋਬਾਰ 'ਚ ਮਦਦ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਾਰਾ ਸਿਸਟਮ ਹੀ ਦੋ-ਤਿੰਨ ਲੋਕਾਂ ਦੇ ਹੱਕ ਵਿਚ ਮਦਦ ਕਰਨ ਲੱਗ ਜਾਵੇ ਤਾਂ ਭਾਰਤ ਦਾ ਨੁਕਸਾਨ ਹੁੰਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਰਾਜਸਥਾਨ ਸਰਕਾਰ ਨੇ ਗਲਤ ਤਰੀਕੇ ਨਾਲ ਅਡਾਨੀ ਨੂੰ ਕਾਰੋਬਾਰ ਦਿੱਤਾ ਹੈ ਤਾਂ ਉਹ ਇਸ ਦੇ ਖਿਲਾਫ਼ ਹਨ।

ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਜੇਕਰ ਨਿਯਮਾਂ ਮੁਤਾਬਕ ਕਾਰੋਬਾਰ ਦਿੱਤਾ ਜਾਵੇ ਤਾਂ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਜਸਥਾਨ ਸਰਕਾਰ ਨੇ ਗਲਤ ਤਰੀਕੇ ਨਾਲ ਅਡਾਨੀ ਨੂੰ ਕਾਰੋਬਾਰ ਦਿੱਤਾ ਤਾਂ ਉਹ ਇਸ ਦਾ ਵਿਰੋਧ ਕਰਨਗੇ। ਗੌਤਮ ਅਡਾਨੀ ਨੇ ਸ਼ੁੱਕਰਵਾਰ ਨੂੰ ਰਾਜਸਥਾਨ ਨਿਵੇਸ਼ ਸੰਮੇਲਨ 'ਚ ਸ਼ਿਰਕਤ ਕੀਤੀ ਸੀ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਮੰਚ ਵੀ ਸਾਂਝਾ ਕੀਤਾ। ਅਡਾਨੀ ਨੇ ਇਸ ਕਾਨਫ਼ਰੰਸ ਵਿਚ ਕਿਹਾ ਕਿ ਅਡਾਨੀ ਗਰੁੱਪ ਅਗਲੇ ਪੰਜ-ਸੱਤ ਸਾਲਾਂ ਵਿੱਚ ਰਾਜਸਥਾਨ ਵਿੱਚ ਨਵਿਆਉਣਯੋਗ ਊਰਜਾ ਸਮੇਤ ਵੱਖ-ਵੱਖ ਖੇਤਰਾਂ ਵਿਚ 65,000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ।