ਮੇਰਾ ਜਨਮ ਜਨਮਅਸ਼ਟਮੀ ਵਾਲੇ ਦਿਨ ਹੋਇਆ ਤੇ ਰੱਬ ਨੇ ਮੈਨੂੰ ਖ਼ਾਸ ਕੰਮ ਸੌਂਪਿਆ- ਅਰਵਿੰਦ ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਨੂੰਮਾਨ ਜੀ ਦੀ ਮੇਰੇ 'ਤੇ ਬੇਅੰਤ ਕਿਰਪਾ ਹੈ। ਇਹ ਸਾਰੀਆਂ ਸ਼ੈਤਾਨੀ ਸ਼ਕਤੀਆਂ ਮੇਰੇ ਵਿਰੁੱਧ ਇਕੱਠੀਆਂ ਹੋਈਆਂ ਹਨ।

Arvind Kejriwal

 

ਵਡੋਦਰਾ - ਗੁਜਰਾਤ ਦੇ ਵਡੋਦਰਾ 'ਚ ਤਿਰੰਗਾ ਰੈਲੀ 'ਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵਾਨ ਨੇ ਉਨ੍ਹਾਂ ਨੂੰ ਖਾਸ ਕੰਮ ਲਈ ਭੇਜਿਆ ਹੈ।  ਉਹਨਾਂ ਕਿਹਾ, "ਜਿਸ ਦਿਨ ਮੇਰਾ ਜਨਮ ਹੋਇਆ, ਉਸ ਦਿਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸੀ ਅਤੇ ਮੈਂ... ਭਗਵਾਨ ਨੇ ਮੈਨੂੰ ਇੱਕ ਖਾਸ ਕੰਮ ਨਾਲ ਭੇਜਿਆ ਹੈ। ਉਹ ਹੈ ਇਹਨਾਂ 'ਕੰਸ ਦੇ ਬੱਚਿਆਂ' ਦਾ ਨਾਸ਼ ਕਰਨਾ।"

ਕੇਜਰੀਵਾਲ ਨੇ ਭਾਜਪਾ ਦਾ ਨਾਂ ਲਏ ਬਿਨਾਂ ਕਿਹਾ, "ਪੋਸਟਰ ਲਗਾਉਣ ਵਾਲੇ ਮੈਨੂੰ ਨਫ਼ਰਤ ਕਰਦੇ ਹਨ। ਇਹ ਲੋਕ ਨਫ਼ਰਤ ਵਿਚ ਇੰਨੇ ਅੰਨ੍ਹੇ ਹੋ ਗਏ ਹਨ ਕਿ ਇਹਨਾਂ ਨੇ ਭਗਵਾਨ ਦਾ ਵੀ ਅਪਮਾਨ ਕੀਤਾ ਹੈ। ਤੁਸੀਂ ਕੰਸ ਦੇ ਬੱਚੇ ਹੋ ਜੋ ਇਸ ਤਰ੍ਹਾਂ ਪੋਸਟਰਾਂ ਵਿਚ ਭਗਵਾਨ ਦਾ ਅਪਮਾਨ ਕਰਦੇ ਹਨ।" ਅਰਵਿੰਦ ਕੇਜਰੀਵਾਲ ਨੇ ਕਿਹਾ ਕਿ "ਮੈਂ ਇੱਕ ਧਾਰਮਿਕ ਆਦਮੀ ਹਾਂ। ਹਨੂੰਮਾਨ ਜੀ ਦੀ ਮੇਰੇ 'ਤੇ ਬੇਅੰਤ ਕਿਰਪਾ ਹੈ। ਇਹ ਸਾਰੀਆਂ ਸ਼ੈਤਾਨੀ ਸ਼ਕਤੀਆਂ ਮੇਰੇ ਵਿਰੁੱਧ ਇਕੱਠੀਆਂ ਹੋਈਆਂ ਹਨ। ਇਹ ਲੋਕ ਭਗਵਾਨ ਅਤੇ ਭਗਤਾਂ ਦਾ ਅਪਮਾਨ ਕਰਦੇ ਹਨ।" 

ਗੁਜਰਾਤ ਦੇ ਅਹਿਮਦਾਬਾਦ, ਸੂਰਤ ਅਤੇ ਰਾਜਕੋਟ 'ਚ ਕਈ ਥਾਵਾਂ 'ਤੇ ਅੱਜ ਅਜਿਹੇ ਪੋਸਟਰ ਦੇਖੇ ਗਏ ਹਨ, ਜਿਨ੍ਹਾਂ 'ਚ ਅਰਵਿੰਦ ਕੇਜਰੀਵਾਲ ਦੇ ਸਿਰ 'ਤੇ ਮੁਸਲਿਮ ਟੋਪੀ ਪਹਿਨਾਈ ਗਈ ਹੈ। ਇਨ੍ਹਾਂ ਪੋਸਟਰਾਂ 'ਤੇ ਹਿੰਦੂ ਵਿਰੋਧੀ ਨਾਅਰੇ ਲਿਖੇ ਹੋਏ ਹਨ। ਕੁਝ ਪੋਸਟਰਾਂ 'ਤੇ ਲਿਖਿਆ ਸੀ 'ਮੈਂ ਹਿੰਦੂ ਧਰਮ ਨੂੰ ਪਾਗਲਪਨ ਸਮਝਦਾ ਹਾਂ'। ਇਸ ਦੇ ਨਾਲ ਹੀ ਕੁਝ ਹੋਰ ਪੋਸਟਰਾਂ 'ਚ ਲਿਖਿਆ ਹੈ, 'ਮੈਂ ਬ੍ਰਹਮਾ, ਵਿਸ਼ਨੂੰ, ਮਹੇਸ਼ ਅਤੇ ਕ੍ਰਿਸ਼ਨ ਨੂੰ ਭਗਵਾਨ ਨਹੀਂ ਮੰਨਦਾ।'' ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ "ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਬੱਚਿਆਂ ਲਈ ਸਕੂਲ ਬਣਾਏ ਜਾਣਗੇ, ਪਰਿਵਾਰ ਦੇ ਇਲਾਜ ਲਈ ਹਸਪਤਾਲ ਬਣਾਏ ਜਾਣਗੇ ਤੇ  ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ।