ਜੋਧਪੁਰ : ਗੈਸ ਸਿਲੰਡਰ 'ਚ ਧਮਾਕਾ, ਤਿੰਨ ਬੱਚਿਆਂ ਸਮੇਤ 4 ਦੀ ਮੌਤ ਅਤੇ 16 ਗੰਭੀਰ ਜ਼ਖ਼ਮੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਰੀਫਿਲ ਕਰਦੇ ਸਮੇਂ ਵਾਪਰਿਆ ਹਾਦਸਾ!

Jodhpur: Gas cylinder explosion

ਜੋਧਪੁਰ: ਗੈਸ ਸਿਲੰਡਰ ਫਟਣ ਨਾਲ 4 ਲੋਕ ਜ਼ਿੰਦਾ ਸੜ ਗਏ ਅਤੇ 16 ਲੋਕ ਗੰਭੀਰ ਜ਼ਖਮੀ ਵੀ ਹੋਏ ਹਨ। ਮਾਮਲਾ ਜੋਧਪੁਰ ਦੇ ਕੀਰਤੀ ਨਗਰ ਇਲਾਕੇ ਦਾ ਹੈ। ਕੁਲੈਕਟਰ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਦੇ ਸਮੇਂ ਰਿਹਾਇਸ਼ੀ ਖੇਤਰ ਕੀਰਤੀ ਨਗਰ 'ਚ ਨਾਜਾਇਜ਼ ਨਾਨ-ਰਿਫਿਲਿੰਗ ਦੌਰਾਨ ਗੈਸ ਲੀਕ ਹੋਣ ਕਾਰਨ ਇਹ ਹਾਦਸਾ ਹੋਇਆ ਹੈ ਅਤੇ ਦੇਖਦੇ ਹੀ ਦੇਖਦੇ ਸਾਰਾ ਇਲਾਕਾ ਧਮਾਕੇ ਨਾਲ ਹਿੱਲ ਗਿਆ। ਨਾਲ ਲੱਗਦੀ ਕਲੋਨੀ ਵਿੱਚ ਖੜ੍ਹੇ ਵਾਹਨ ਵੀ ਅੱਗ ਦੀ ਲਪੇਟ ਵਿੱਚ ਆ ਗਏ। ਇਹ ਘਟਨਾ ਦੁਪਹਿਰ 2 ਵਜੇ ਤੋਂ 2:15 ਦੇ ਵਿਚਕਾਰ ਦੀ ਦੱਸੀ ਜਾ ਰਹੀ ਹੈ।

ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਤਿੰਨ ਬੱਚਿਆਂ ਸਮੇਤ ਇੱਕ ਨੌਜਵਾਨ ਵੀ ਸ਼ਾਮਲ ਹੈ। ਅੱਗ ਵਿੱਚ ਨੀਕੂ (12), ਵਿੱਕੀ (15), ਸੁਰੇਸ਼ (45) ਅਤੇ ਕੋਮਲ (13) ਦੀ ਮੌਤ ਹੋ ਗਈ। ਨਕਸ਼ (11), ਨਿਰਮਾ (37), ਸ਼ੋਭਾ (50), ਸਰੋਜ (30), ਹਰੀਰਾਮ (42), ਨਿਤੇਸ਼ (14), ਕੰਚਨ (30), ਰਾਜਵੀਰ (5), ਖੁਸ਼ੀ (2), ਪਾਰਸਰਾਮ (25), ਦਿਵਯਾਂਸ਼ੂ (16), ਅਸ਼ੋਕ (33), ਅਨਰਾਜ (42), ਸੂਰਜ (24) ਅਤੇ ਭੋਮਾਰਾਮ (60) ਝੁਲਸ ਗਏ। ਜ਼ਖ਼ਮੀਆਂ ਵਿੱਚੋਂ ਇੱਕ ਦਾ ਨਾਮ ਪਤਾ ਨਹੀਂ ਲੱਗ ਸਕਿਆ ਹੈ।

ਮੁੱਢਲੀ ਜਾਂਚ 'ਚ ਸਾਹਮਣੇ ਆਇਆ ਕਿ ਇਹ ਘਰ ਕੋਜਾਰਾਮ ਲੋਹਾਰ ਦਾ ਹੈ। ਇਸ ਘਰ ਵਿੱਚ ਕੋਜਾਰਾਮ ਦੇ ਚਾਰ ਭਰਾਵਾਂ ਦਾ ਪਰਿਵਾਰ ਰਹਿੰਦਾ ਹੈ। ਹਸਪਤਾਲ ਵਿੱਚ ਦਾਖ਼ਲ 16 ਵਿੱਚੋਂ ਕਰੀਬ 8 ਲੋਕ 80 ਫ਼ੀਸਦੀ ਤੱਕ ਸੜ ਚੁੱਕੇ ਹਨ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਕੋਜਾਰਾਮ ਦਾ ਲੜਕਾ ਗੈਸ ਰਿਫਿਲਿੰਗ ਦਾ ਕੰਮ ਵੀ ਕਰਦਾ ਸੀ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਹਾਦਸਾ ਕਿਸ ਕਾਰਨ ਹੋਇਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਰੀਫਿਲਿੰਗ ਦੌਰਾਨ ਵਾਪਰਿਆ ਹੈ।

ਇਸ ਘਟਨਾ ਤੋਂ ਬਾਅਦ ਸੀਐਮ ਅਸ਼ੋਕ ਗਹਿਲੋਤ ਨੇ ਵੀ ਟਵੀਟ ਕੀਤਾ ਅਤੇ ਲਿਖਿਆ- ਘਟਨਾ ਦੀ ਪੂਰੀ ਜਾਣਕਾਰੀ ਸਥਾਨਕ ਪ੍ਰਸ਼ਾਸਨ ਤੋਂ ਲੈ ਲਈ ਗਈ ਹੈ। ਜ਼ਖ਼ਮੀਆਂ ਦੇ ਇਲਾਜ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਘਰ ਵਿੱਚੋਂ ਚਾਰ ਦਰਜਨ ਦੇ ਕਰੀਬ ਘਰੇਲੂ ਤੇ ਵਪਾਰਕ ਸਿਲੰਡਰ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਰ ਕਿਸੇ ਹਾਕਰ ਦਾ ਹੈ ਜੋ ਲੋਕਾਂ ਦੇ ਘਰਾਂ ਤੱਕ ਸਿਲੰਡਰ ਪਹੁੰਚਾਉਂਦਾ ਹੈ।

ਚਸ਼ਮਦੀਦਾਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਘਰ ਦਾ ਇੱਕ ਹਿੱਸਾ ਵੀ ਢਹਿ ਗਿਆ। ਇਧਰ ਘਟਨਾ ਦੀ ਸੂਚਨਾ ਮਿਲਦੇ ਹੀ ਕਲੈਕਟਰ ਅਤੇ ਐਸਪੀ ਮੌਕੇ 'ਤੇ ਪਹੁੰਚੇ। ਹਾਦਸੇ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਅਤੇ ਪੁਲਸ ਦੀ ਟੀਮ ਮੌਕੇ 'ਤੇ ਪਹੁੰਚ ਗਈ। ਚਾਰ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਜ਼ਖਮੀਆਂ ਨੂੰ ਮਹਾਤਮਾ ਗਾਂਧੀ ਹਸਪਤਾਲ ਭੇਜਿਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।