Haryana Election Results 2024 : ਹਰਿਆਣਾ ’ਚ ਜੋ ਮਾਹੌਲ ਸੀ, ਚੋਣ ਨਤੀਜੇ ਉਸ ਤੋਂ ਉਲਟ : ਹੁੱਡਾ 

ਏਜੰਸੀ

ਖ਼ਬਰਾਂ, ਰਾਸ਼ਟਰੀ

Haryana Election Results 2024 : ਕਾਂਗਰਸ ਪਾਰਟੀ ’ਚ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਨੂੰ ਖਾਰਜ ਕੀਤਾ

Bhupinder Singh Hooda

Haryana Election Results 2024 : ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਮੰਗਲਵਾਰ ਨੂੰ ਕਿਹਾ ਕਿ ਹਰਿਆਣਾ ਦੇ ਨਤੀਜੇ ਸੂਬੇ ਦੇ ਮਾਹੌਲ ਦੇ ਉਲਟ ਹਨ। ਹੁੱਡਾ ਨੇ ਇਹ ਵੀ ਕਿਹਾ ਕਿ ਨਤੀਜੇ ਪਾਰਟੀ ਲਈ ਹੈਰਾਨੀਜਨਕ ਹਨ। ਚੋਣ ਕਮਿਸ਼ਨ ਮੁਤਾਬਕ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 48 ਸੀਟਾਂ ਜਿੱਤੀਆਂ ਹਨ, ਜਦਕਿ ਕਾਂਗਰਸ ਨੇ 37 ਸੀਟਾਂ ਜਿੱਤੀਆਂ ਹਨ। 

ਲੋਕ ਸਭਾ ਚੋਣਾਂ ’ਚ ਮਿਲੇ ਝਟਕੇ ’ਤੇ ਕਾਬੂ ਪਾਉਂਦਿਆਂ ਭਾਜਪਾ ਲਗਾਤਾਰ ਤੀਜੀ ਵਾਰ ਹਰਿਆਣਾ ’ਚ ਸਰਕਾਰ ਬਣਾਉਣ ਜਾ ਰਹੀ ਹੈ। 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਸੂਬੇ ’ਚ 5 ਸੀਟਾਂ ਮਿਲੀਆਂ ਸਨ, ਜੋ 2019 ’ਚ ਮਿਲੀਆਂ 10 ਸੀਟਾਂ ਦਾ ਅੱਧਾ ਸੀ। 

ਹੁੱਡਾ ਨੇ ਨਤੀਜਿਆਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਪੱਤਰਕਾਰਾਂ ਨੂੰ ਕਿਹਾ, ‘‘ਨਤੀਜਿਆਂ ਨੇ ਸਾਨੂੰ ਹੈਰਾਨ ਕਰ ਦਿਤਾ ਹੈ ਅਤੇ ਭਾਜਪਾ ਵੀ ਹੈਰਾਨ ਹੋਵੇਗੀ। ਇਹ ਨਤੀਜੇ ਸੂਬੇ ਦੇ ਮਾਹੌਲ ਦੇ ਉਲਟ ਹਨ। ਇਸ ’ਚ ਤੰਤਰ ਦੀ ਕੀ ਭੂਮਿਕਾ ਹੈ, ਅਸੀਂ ਇਸ ਦੀ ਜਾਂਚ ਕਰਾਂਗੇ। ਅਸੀਂ ਬਹੁਤ ਸਾਰੀਆਂ ਸੀਟਾਂ ਛੋਟੇ ਫਰਕ ਨਾਲ ਗੁਆ ਦਿਤੀਆਂ।’’

ਹੁੱਡਾ ਨੇ ਕਿਹਾ, ‘‘ਸਾਨੂੰ ਕਈ ਥਾਵਾਂ ਤੋਂ ਸ਼ਿਕਾਇਤਾਂ ਵੀ ਮਿਲੀਆਂ ਹਨ। ਜਿਸ ਤਰੀਕੇ ਨਾਲ ਦੇਰੀ ਹੋਈ। ਇਸ ਦੌਰਾਨ ਕਾਂਗਰਸ ਚੋਣ ਕਮਿਸ਼ਨ ਨਾਲ ਮੁਲਾਕਾਤ ਕਰੇਗੀ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ (ਨਤੀਜੇ) ‘ਹੈਰਾਨੀਜਨਕ’ ਹਨ।’’ ਕਾਂਗਰਸ ਪਾਰਟੀ ’ਚ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਨੂੰ ਖਾਰਜ ਕਰਦੇ ਹੋਏ ਹੁੱਡਾ ਨੇ ਕਿਹਾ ਕਿ ਕਾਂਗਰਸ ਚੋਣਾਂ ’ਚ ਇਕਜੁੱਟ ਸੀ। ਉਨ੍ਹਾਂ ਕਿਹਾ ਕਿ ਲੋਕਤੰਤਰੀ ਪਾਰਟੀ ’ਚ ਕਿਸੇ ’ਚ ਵੀ ਮਤਭੇਦ ਹੋ ਸਕਦੇ ਹਨ ਪਰ ਮਨਭੇਦ ਨਹੀਂ ਹੋ ਸਕਦੇ।

ਕਾਂਗਰਸ ਆਗੂ ਕੁਮਾਰੀ ਸ਼ੈਲਜਾ ਵਲੋਂ ਪਾਰਟੀ ਵਿਚ ਸਹੀ ਤਾਲਮੇਲ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਬਾਰੇ ਹੁੱਡਾ ਤੋਂ ਸਵਾਲ ਪੁਛਿਆ ਗਿਆ ਕਿ ਸਹੀ ਤਾਲਮੇਲ ਨੂੰ ਯਕੀਨੀ ਬਣਾਉਣਾ ਕਿਸ ਦਾ ਕੰਮ ਹੈ? ਤਾਂ ਉਨ੍ਹਾਂ ਕਿਹਾ, ‘‘ਇਹ ਹਰ ਕਿਸੇ ਦਾ ਕੰਮ ਹੈ।’’ ਕਾਂਗਰਸ ਵਲੋਂ ਈ.ਵੀ.ਐਮ. ਨਾਲ ਜੁੜੇ ਮੁੱਦੇ ਉਠਾਉਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਜ਼ਰੂਰ ਕੁੱਝ ਹੋਇਆ ਹੋਵੇਗਾ। ਸਾਨੂੰ ਉਮੀਦਵਾਰਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ।’’

ਗ਼ੈਰ-ਜਾਟ ਵੋਟਾਂ ਭਾਜਪਾ ਦੇ ਹੱਕ ’ਚ ਹੋਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਅਜਿਹਾ ਕੁੱਝ ਵੀ ਨਹੀਂ ਹੈ।’’ ਅਗਲੇ ਕਦਮ ਬਾਰੇ ਪੁੱਛੇ ਜਾਣ ’ਤੇ ਹੁੱਡਾ ਨੇ ਕਿਹਾ, ‘‘ਲੋਕਤੰਤਰ ’ਚ ਲੋਕਾਂ ਦਾ ਜੋ ਵੀ ਫੈਸਲਾ ਹੋਵੇਗਾ, ਅਸੀਂ ਉਸ ਨੂੰ ਮਨਜ਼ੂਰ ਕਰਾਂਗੇ।’’