Haryana Election Results 2024 : ਹਰਿਆਣਾ ਦੇ ਲੋਕਾਂ ਨੇ ਕਾਂਗਰਸ ਦੀ ‘ਵੰਡਪਾਊ’ ਸਿਆਸਤ ਨੂੰ ਰੱਦ ਕੀਤਾ : ਅਮਿਤ ਸ਼ਾਹ
ਆਪਣੇ ਵੋਟ ਬੈਂਕ ਲਈ ਵਿਦੇਸ਼ 'ਚ ਜਾ ਕੇ ਦੇਸ਼ ਦਾ ਅਪਮਾਨ ਕਰਨ ਵਾਲਿਆਂ ਨੂੰ ਕਿਸਾਨਾਂ ਅਤੇ ਜਵਾਨਾਂ ਦੀ ਧਰਤੀ ਹਰਿਆਣਾ ਨੇ ਸਬਕ ਸਿਖਾਇਆ : ਸ਼ਾਹ
Haryana Election Results 2024 : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਹਰਿਆਣਾ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਵੱਡੀ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ’ਚ ਕਿਸਾਨਾਂ, ਗਰੀਬਾਂ, ਪੱਛੜਿਆਂ, ਫ਼ੌਜੀਆਂ ਅਤੇ ਨੌਜੁਆਨਾਂ ਦੇ ਅਟੁੱਟ ਵਿਸ਼ਵਾਸ ਦੀ ਜਿੱਤ ਹੈ।
ਸ਼ਾਹ ਨੇ ਇਹ ਵੀ ਕਿਹਾ ਕਿ ‘ਵੀਰਭੂਮੀ’ ਹਰਿਆਣਾ ਦੇ ਲੋਕਾਂ ਨੇ ਕਾਂਗਰਸ ਦੀ ਨਕਾਰਾਤਮਕ ਅਤੇ ਵੰਡਪਾਊ ਸਿਆਸਤ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਹੈ ਜੋ ਜਾਤ ਅਤੇ ਖੇਤਰ ਦੇ ਆਧਾਰ ’ਤੇ ਲੋਕਾਂ ਨੂੰ ਵੰਡਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਭਾਜਪਾ ਦੇ ਵਿਕਾਸ ਅਤੇ ਗਰੀਬਾਂ ਦੀ ਭਲਾਈ ਦੇ 10 ਸਾਲਾਂ ਦੇ ਟਰੈਕ ਰੀਕਾਰਡ ਨੂੰ ਚੁਣਿਆ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਕਿਸਾਨਾਂ ਅਤੇ ਫ਼ੌਜੀਆਂ ਦੀ ਧਰਤੀ ਹਰਿਆਣਾ ਨੇ ਉਨ੍ਹਾਂ ਲੋਕਾਂ ਨੂੰ ਸਬਕ ਸਿਖਾਇਆ ਹੈ ਜੋ ਵਿਦੇਸ਼ ਜਾਂਦੇ ਹਨ ਅਤੇ ਅਪਣੇ ਵੋਟ ਬੈਂਕ ਲਈ ਦੇਸ਼ ਦਾ ਅਪਮਾਨ ਕਰਦੇ ਹਨ। ਉਨ੍ਹਾਂ ਕਿਹਾ, ‘‘ਮੈਂ ਭਾਜਪਾ ਨੂੰ ਲਗਾਤਾਰ ਤੀਜੀ ਵਾਰ ਸੂਬੇ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਹਰਿਆਣਾ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।’’ ਸ਼ਾਹ ਨੇ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਕੇਂਦਰ ਅਤੇ ਸੂਬੇ ਦੀ ਭਾਜਪਾ ਸਰਕਾਰ ਸੂਬੇ ਦੇ ਲੋਕਾਂ ਦੀਆਂ ਸਾਰੀਆਂ ਇੱਛਾਵਾਂ ਅਤੇ ਉਮੀਦਾਂ ਨੂੰ ਪੂਰਾ ਕਰੇਗੀ।