ਗਾਇਕ ਜ਼ੁਬੀਨ ਗਰਗ ਦੀ ਮੌਤ ਦੇ ਮਾਮਲੇ ’ਚ ਅਸਾਮ ਪੁਲਿਸ ਦੇ ਡੀ.ਐਸ.ਪੀ. ਗ੍ਰਿਫਤਾਰ
ਡੀ.ਐਸ.ਪੀ. ਸੰਦੀਪਨ ਗਰਗ ਨੂੰ ਬੁਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਗੁਹਾਟੀ : ਪਿਛਲੇ ਮਹੀਨੇ ਸਿੰਗਾਪੁਰ ’ਚ ਗਾਇਕ ਜ਼ੁਬੀਨ ਗਰਗ ਦੀ ਮੌਤ ਦੇ ਮਾਮਲੇ ’ਚ ਉਨ੍ਹਾਂ ਦੇ ਚਚੇਰੇ ਭਰਾ ਅਤੇ ਅਸਾਮ ਪੁਲਿਸ ਦੇ ਡੀ.ਐਸ.ਪੀ. ਸੰਦੀਪਨ ਗਰਗ ਨੂੰ ਬੁਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਕ ਸੀਨੀਅਰ ਅਫ਼ਸਰ ਨੇ ਕਿਹਾ ਕਿ ਕਾਮਰੂਪ ਮੈਟਰੋਪੋਲੀਟਨ ਜ਼ਿਲ੍ਹੇ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ (ਸੀ.ਜੇ.ਐਮ.) ਨੇ ਡੀ.ਐਸ.ਪੀ. ਨੂੰ ਸੱਤ ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿਤਾ ਹੈ। ਸੂਬਾ ਪੁਲਿਸ ਮੁਤਾਬਕ ਇਹ ਮਾਮਲਾ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ, ਜਿਸ ਵਿਚ ਕਤਲ ਅਤੇ ਲਾਪਰਵਾਹੀ ਕਾਰਨ ਮੌਤ ਨਾਲ ਸਬੰਧਤ ਧਾਰਾਵਾਂ ਸ਼ਾਮਲ ਹਨ।
ਗਾਇਕ ਦੀ ਮੌਤ 19 ਸਤੰਬਰ ਨੂੰ ਸਿੰਗਾਪੁਰ ਵਿਚ ਸਮੁੰਦਰ ਵਿਚ ਤੈਰਦੇ ਹੋਏ ਡੁੱਬ ਜਾਣ ਕਾਰਨ ਹੋਈ ਸੀ। ਜਦੋਂ ਇਹ ਘਟਨਾ ਵਾਪਰੀ ਤਾਂ ਉਨ੍ਹਾਂ ਦਾ ਚਚੇਰਾ ਭਰਾ ਸੰਦੀਪਨ ਉਸ ਦੇ ਨਾਲ ਇਕ ਕਿਸ਼ਤੀ ਉਤੇ ਮੌਜੂਦ ਸੀ।
ਅਸਾਮ ਪੁਲਿਸ ਦੇ ਅਪਰਾਧਕ ਜਾਂਚ ਵਿਭਾਗ (ਸੀਆਈ.ਡੀ.) ਦੇ ਅਧੀਨ ਇਕ ਵਿਸ਼ੇਸ਼ ਜਾਂਚ ਟੀਮ ਗਾਇਕ ਦੀ ਮੌਤ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿਚ ਇਹ ਪੰਜਵੀਂ ਗ੍ਰਿਫਤਾਰੀ ਹੈ। ਇਸ ਤੋਂ ਪਹਿਲਾਂ ਨਾਰਥ ਈਸਟ ਇੰਡੀਆ ਫੈਸਟੀਵਲ ਦੇ ਮੁੱਖ ਪ੍ਰਬੰਧਕ ਸ਼ਿਆਮਕਾਨੂ ਮਹੰਤ, ਗਾਇਕ ਦੇ ਮੈਨੇਜਰ ਸਿਧਾਰਥ ਸ਼ਰਮਾ ਅਤੇ ਉਨ੍ਹਾਂ ਦੇ ਦੋ ਬੈਂਡ ਮੈਂਬਰਾਂ ਸ਼ੇਖਰ ਜਯੋਤੀ ਗੋਸਵਾਮੀ ਅਤੇ ਅੰਮ੍ਰਿਤ ਪ੍ਰਭਾ ਮਹੰਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ ਹੁਣ ਪੁਲਿਸ ਹਿਰਾਸਤ ਵਿਚ ਹਨ।
ਗ੍ਰਿਫਤਾਰ ਕੀਤੇ ਗਏ ਪੁਲਿਸ ਅਧਿਕਾਰੀ, ਜੋ ਕਾਮਰੂਪ ਜ਼ਿਲ੍ਹੇ ਦੇ ਬੋਕੋ-ਛਾਇਗਾਓਂ ਦੇ ਸਹਿ-ਜ਼ਿਲ੍ਹਾ ਇੰਚਾਰਜ ਸੁਪਰਡੈਂਟ ਵਜੋਂ ਕੰਮ ਕਰ ਰਿਹਾ ਸੀ, ਪਿਛਲੇ ਮਹੀਨੇ ਸਿੰਗਾਪੁਰ ਵਿਚ ਗਾਇਕ ਦੀ ਮੌਤ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਵਿਚ ਕਈ ਵਾਰ ਪੁੱਛ-ਪੜਤਾਲ ਕੀਤੀ ਗਈ ਸੀ।
ਇਕ ਹੋਰ ਸੀਨੀਅਰ ਅਧਿਕਾਰੀ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉਤੇ ਦਸਿਆ ਕਿ ਸੰਦੀਪਨ ਨੂੰ ਮੁਅੱਤਲ ਕੀਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਅਦਾਲਤ ਨੇ ਉਸ ਨੂੰ ਪੁਲਿਸ ਹਿਰਾਸਤ ਵਿਚ ਭੇਜ ਦਿਤਾ ਹੈ।
ਵਿਭਾਗ ਇਸ ਗੱਲ ਦੀ ਵੀ ਜਾਂਚ ਕਰ ਰਿਹਾ ਹੈ ਕਿ ਕੀ ਉਸ ਨੇ ਸਿੰਗਾਪੁਰ ਦੀ ਯਾਤਰਾ ਲਈ ਸਰਕਾਰ ਤੋਂ ਉਚਿਤ ਇਜਾਜ਼ਤ ਲਈ ਸੀ। ਸੇਵਾ ਨਿਯਮ ਮੁਤਾਬਕ ਕੋਈ ਵੀ ਸਰਕਾਰੀ ਕਰਮਚਾਰੀ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਵਿਦੇਸ਼ ਨਹੀਂ ਜਾ ਸਕਦਾ।
2022 ਬੈਚ ਦੇ ਅਸਾਮ ਪੁਲਿਸ ਸਰਵਿਸਿਜ਼ (ਏ.ਪੀ.ਐਸ.) ਦੇ ਅਧਿਕਾਰੀ ਸੰਦੀਪਨ ਨੇ ਆਰਥਕ ਤੌਰ ਉਤੇ ਕਮਜ਼ੋਰ ਵਰਗ (ਈ.ਡਬਲਯੂ.ਐਸ.) ਕੋਟੇ ਵਿਚ ਲੋਕ ਸੇਵਾ ਕਮਿਸ਼ਨ ਦੀ ਸੰਯੁਕਤ ਪ੍ਰਤੀਯੋਗੀ ਇਮਤਿਹਾਨ (ਸੀ.ਸੀ.ਈ.) ਪਾਸ ਕੀਤੀ ਸੀ। ਹਾਲਾਂਕਿ, ਉਸ ਦੇ ਪਿਤਾ ਡਿਬਰੂਗੜ੍ਹ ਜ਼ਿਲ੍ਹੇ ਦੇ ਨਾਮਰੂਪ ਸਥਿਤ ਇਕ ਪੀ.ਐਸ.ਯੂ. ਖਾਦ ਕੰਪਨੀ ਦੇ ਅਧਿਕਾਰੀ ਹਨ।
ਜ਼ਿਕਰਯੋਗ ਹੈ ਕਿ ਜ਼ੁਬੀਨ ਗਰਗ ਉੱਤਰ ਪੂਰਬੀ ਭਾਰਤ ਫੈਸਟੀਵਲ ਦੇ ਚੌਥੇ ਐਡੀਸ਼ਨ ’ਚ ਸ਼ਾਮਲ ਹੋਣ ਲਈ ਦੱਖਣ-ਪੂਰਬੀ ਏਸ਼ੀਆਈ ਦੇਸ਼ ਗਏ ਸਨ। ਸੂਬੇ ਦੀ ਸੀ.ਆਈ.ਡੀ. ਇਸ ਸਮੇਂ ਗਰਗ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿਉਂਕਿ ਸ਼ਿਆਮਕਾਨੂ ਅਤੇ ਉਸ ਦੇ ਮੈਨੇਜਰ ਅਤੇ ਬੈਂਡ ਦੇ ਦੋ ਮੈਂਬਰਾਂ ਸਮੇਤ 10 ਹੋਰਾਂ ਵਿਰੁਧ ਰਾਜ ਭਰ ਵਿਚ 60 ਤੋਂ ਵੱਧ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।