ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਸ਼ਹਾਦਤ ਤੇ ਵਿਰਸੇ ਬਾਰੇ ਦੋ ਰੋਜ਼ਾ ਕੌਮਾਂਤਰੀ ਸੈਮੀਨਾਰ ਸ਼ੁਰੂ
ਦਿੱਲੀ ਸਰਕਾਰ ਨਵੰਬਰ ਮਹੀਨੇ ’ਚ ਗੁਰੂ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ’ਤੇ ਵਿਸ਼ਾਲ ਤੇ ਯਾਦਗਾਰੀ ਸਮਾਗਮ ਕਰੇਗੀ: ਮਨਜਿੰਦਰ ਸਿੰਘ ਸਿਰਸਾ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨਾਰਥ ਕੈਂਪਸ, ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਪਿਤਮਪੁਰਾ, ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ (ਦੇਵ ਨਗਰ) ਅਤੇ ਮਾਤਾ ਸੁੰਦਰੀ ਕਾਲਜ ਆਫ ਵੁਮੈਨ ਮੰਡੀ ਹਾਊਸ ਵੱਲੋਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਸ਼ਹਾਦਤ ਤੇ ਵਿਰਸੇ ਸਬੰਧੀ ਦੋ ਰੋਜ਼ਾ ਕੌਮਾਂਤਰੀ ਸੈਮੀਨਾਰ ਅੱਜ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਚ ਸ਼ੁਰੂ ਹੋ ਗਿਆ।
ਪਹਿਲੇ ਦਿਨ ਅੱਜ ਮੁੱਖ ਮਹਿਮਾਨ ਵਜੋਂ ਦਿੱਲੀ ਦੇ ਕੈਬਨਿਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸ਼ਮੂਲੀਅਤ ਕੀਤੀ।
ਸੈਮੀਨਾਰ ਦੇ ਪਹਿਲੇ ਦਿਨ ਅੱਜ ਪ੍ਰੋ. ਹਰਮਿੰਦਰ ਸਿੰਘ ਬੇਦੀ ਨੇ ਕੂੰਜੀਵਤ ਭਾਸ਼ਣ ਦਿੱਤਾ ਤੇ ਗੁਰੂ ਸਾਹਿਬ ਦੇ ਜੀਵਨ ਤੇ ਸ਼ਹਾਦਤ ਨਾਲ ਸਬੰਧਤ ਅਨੇਕਾਂ ਪਹਿਲੂ ਸੰਗਤਾਂ ਅੱਗੇ ਰੱਖੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਕੌਮਾਂਤਰੀ ਸੈਮੀਨਾਰ ਦਾ ਆਯੋਜਨਾ ਇਕ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਅਜਿਹੇ ਹੋਰ ਉਪਰਾਲੇ ਕਰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਉਹ ਖੁਦ ਇਸ ਕਾਲਜ ਵਿਚ ਪੜ੍ਹੇ ਹਨ ਅਤੇ ਅੱਜ ਦੇ ਸਮਾਗਮ ਵਿਚ ਸ਼ਮੂਲੀਅਤ ਉਹਨਾਂ ਲਈ ਬਹੁਤ ਮਾਣ ਵਾਲੀ ਗੱਲ ਹੈ।
ਉਹਨਾਂ ਇਸ ਮੌਕੇ ਦੱਸਿਆ ਕਿ 25 ਨਵੰਬਰ ਨੂੰ ਗੁਰੂ ਸਾਹਿਬ ਦਾ 350 ਸਾਲਾ ਸ਼ਹੀਦੀ ਦਿਹਾੜਾ ਹੈ ਜਿਸ ਮੌਕੇ ਦਿੱਲੀ ਸਰਕਾਰ ਵੱਲੋਂ ਲਾਲ ਕਿਲ੍ਹੇ ’ਤੇ 23, 24 ਅਤੇ 25 ਨਵੰਬਰ ਨੂੰ ਬਹੁਤ ਵੱਡੇ ਪੱਧਰ ’ਤੇ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ ਜੋ ਯਾਦਗਾਰੀ ਬਣੇਗਾ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਤੇ ਇਸ ਇਤਿਹਾਸਕ ਮੌਕੇ ਦੇ ਗਵਾਹ ਬਣਨ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਅਜਿਹੇ ਸੈਮੀਨਾਰ ਸਮੇਂ ਦੀ ਜ਼ਰੂਰਤ ਹਨ। ਉਹਨਾਂ ਨੇ ਚਾਰਾਂ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਬੇਨਤੀ ਕੀਤੀ ਕਿ ਕੱਲ੍ਹ ਸੈਮੀਨਾਰ ਦੇ ਦੂਜੇ ਦਿਨ ਵੱਧ ਤੋਂ ਵੱਧ ਵਿਦਿਆਰਥੀ ਇਥੇ ਬੁਲਾਰਿਆਂ ਦੇ ਵਿਚਾਰ ਸੁਣਨ ਵਾਸਤੇ ਸ਼ਾਮਲ ਹੋਣੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਜੀਵਨ ਦੇ ਵੱਖ-ਵੱਖ ਪਹਿਲੂ ਅਤੇ ਗੁਰ ਇਤਿਹਾਸ ਤੋਂ ਆਪਣੇ ਬੱਚਿਆਂ ਨੂੰ ਜਾਣੂ ਕਰਵਾਉਣਾ ਅੱਜ ਸਮੇਂ ਦੀ ਮੁੱਖ ਜ਼ਰੂਰਤ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਤਿਆਗ ਮੱਲ ਤੋਂ ਗੁਰੂ ਤੇਗ ਬਹਾਦਰ ਸਾਹਿਬ ਕਿਵੇਂ ਬਣੇ ? ਉਹਨਾਂ 13 ਸਾਲ ਦੀ ਉਮਰ ਵਿਚ ਕਿਹੜੀ ਜੰਗ ਲੜੀ ? 25 ਸਾਲ ਕਿਥੇ ਤਪੱਸਿਆ ਕੀਤੀ ? ਅਜਿਹੇ ਬਹੁਤ ਸਾਰੇ ਪਹਿਲੂ ਹਨ ਜਿਹਨਾਂ ਬਾਰੇ ਆਮ ਲੋਕਾਂ ਖਾਸ ਤੌਰ ’ਤੇ ਵਿਦਿਆਰਥੀਆਂ ਨੂੰ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਸਾਡਾ ਟੀਚਾ ਇਹੋ ਹੈ ਕਿ ਗੁਰ ਇਤਿਹਾਸ ਨੂੰ ਘਰ-ਘਰ ਪਹੁੰਚਦਾ ਕੀਤਾ ਜਾਵੇ ਅਤੇ ਸਾਡੇ ਬੱਚਿਆਂ ਨੂੰ ਇਸ ਤੋਂ ਜਾਣੂ ਕਰਵਾਇਆ ਜਾਵੇ।
ਉਹਨਾਂ ਦੱਸਿਆ ਕਿ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ ਹਨ ਜੋ ਪੜਾਅਵਾਰ ਹੋ ਰਹੇ ਹਨ। ਪਿਛਲੇ ਦਿਨੀਂ ਸਰਵ ਧਰਮ ਸੰਮੇਲਨ ਵੀ ਹੋ ਕੇ ਹਟਿਆ ਹੈ। ਇਸ ਮਹੀਨੇ ਅਕਤੂਬਰ ਵਿਚ ਵੀ ਦੋ ਵੱਡੇ ਸਮਾਗਮ ਹਨ ਅਤੇ ਨਵੰਬਰ ਵਿਚ ਲਾਲ ਕਿਲ੍ਹੇ ’ਤੇ ਹੋਣ ਵਾਲੇ ਸਮਾਗਮ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਦਿੱਲੀ ਸਰਕਾਰ ਨੂੰ ਵੱਧ ਚੜ੍ਹ ਕੇ ਸਹਿਯੋਗ ਦੇ ਰਹੀ ਹੈ।
ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨਾਲ ਇਹਨਾਂ ਸਮਾਗਮਾਂ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇ।
ਇਸ ਮੌਕੇ ਕਾਲਜ ਦੇ ਚੇਅਰਮੈਨ ਤਰਲੋਚਨ ਸਿੰਘ, ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਦੇ ਚੇਅਰਮੈਨ ਐਮ ਪੀ ਐਸ ਚੱਢਾ, ਸੁਖਬੀਰ ਸਿੰਘ ਕਾਲੜਾ ਚੇਅਰਮੈਨ ਗੁਰੂ ਨਾਨਕ ਦੇਵ ਖਾਲਸਾ ਕਾਲਜ, ਗੁਰਿੰਦਰ ਪਾਲ ਸਿੰਘ ਰਾਜੂ, ਪ੍ਰਿੰਸੀਪਲ ਗੁਰਮਿੰਦਰ ਸਿੰਘ, ਬਲਜੀਤ ਸਿੰਘ, ਮੈਡਮ ਹਰਜੀਤ ਕੌਰ ਤੇ ਜੇ ਪੀ ਸਿੰਘ ਸਮੇਤ ਹੋਰ ਪਤਵੰਤੇ ਵੀ ਇਸ ਮੌਕੇ ਹਾਜ਼ਰ ਸਨ।