CJI ਗਵਈ ਨੂੰ ਜੁੱਤੀ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਵਕੀਲ ਵਿਰੁਧ ‘ਜ਼ੀਰੋ ਐਫ਼.ਆਈ.ਆਰ.’ ਦਰਜ
ਬੈਂਗਲੁਰੂ ਪੁਲਿਸ ਨੇ ਧਾਰਾ 132 ਅਤੇ 133 ਹੇਠ ਦਰਜ ਕੀਤੀ ‘ਜ਼ੀਰੋ ਐਫ਼.ਆਈ.ਆਰ.’
ਆਲ ਇੰਡੀਆ ਐਡਵੋਕੇਟਸ ਐਸੋਸੀਏਸ਼ਨ ਦੇ ਪ੍ਰਧਾਨ ਭਕਤਾਵਾਚਲਾ ਨੇ ਕੀਤੀ ਸੀ ਸ਼ਿਕਾਇਤ
71 ਸਾਲ ਦੇ ਰਾਕੇਸ਼ ਕਿਸ਼ੋਰ ਨੇ ਭਰੀ ਅਦਾਲਤ ’ਚ ਬੀਤੇ ਸੋਮਵਾਰ ਨੂੰ ਜੁੱਤੀ ਮਾਰਨ ਦੀ ਕੀਤੀ ਸੀ ਕੋਸ਼ਿਸ਼
‘ਜ਼ੀਰੋ ਐਫ਼.ਆਈ.ਆਰ.’ ਉਥੇ ਵੀ ਦਰਜ ਕੀਤੀ ਜਾ ਸਕਦੀ ਹੈ ਜਿਥੇ ਅਪਰਾਧ ਨਾ ਹੋਇਆ ਹੋਵੇ
ਬੈਂਗਲੁਰੂ : ਬੈਂਗਲੁਰੂ ਪੁਲਿਸ ਨੇ ਸੁਪਰੀਮ ਕੋਰਟ ’ਚ ਚੀਫ਼ ਜਸਟਿਸ ਬੀ.ਆਰ. ਗਵਈ ਉਤੇ ਕਥਿਤ ਤੌਰ ਉਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕਰਨ ਵਾਲੇ ਵਕੀਲ ਵਿਰੁਧ ਜ਼ੀਰੋ ਐਫ.ਆਈ.ਆਰ. ਦਰਜ ਕੀਤੀ ਹੈ। ਜ਼ੀਰੋ ਐਫ.ਆਈ.ਆਰ. ਕਿਤੇ ਵੀ ਦਰਜ ਕੀਤੀ ਜਾ ਸਕਦੀ ਹੈ, ਕਥਿਤ ਅਪਰਾਧ ਭਾਵੇਂ ਕਿਤੇ ਹੋਰ ਹੋਇਆ ਹੋਵੇ।
ਅਧਿਕਾਰੀਆਂ ਨੇ ਦਸਿਆ ਕਿ ਆਲ ਇੰਡੀਆ ਐਡਵੋਕੇਟਸ ਐਸੋਸੀਏਸ਼ਨ ਦੇ ਪ੍ਰਧਾਨ ਭਕਤਵਚਾਲਾ ਦੀ ਸ਼ਿਕਾਇਤ ਤੋਂ ਬਾਅਦ ਰਾਕੇਸ਼ ਕਿਸ਼ੋਰ ਵਿਰੁਧ ਬੀ.ਐਨ.ਐਸ. ਦੀ ਧਾਰਾ 132 (ਸਰਕਾਰੀ ਕਰਮਚਾਰੀ ਨੂੰ ਅਪਣੀ ਡਿਊਟੀ ਨਿਭਾਉਣ ਤੋਂ ਰੋਕਣ ਲਈ ਹਮਲਾ ਜਾਂ ਅਪਰਾਧਕ ਤਾਕਤ) ਅਤੇ 133 (ਵਿਅਕਤੀ ਨੂੰ ਬੇਇੱਜ਼ਤ ਕਰਨ ਦੇ ਇਰਾਦੇ ਨਾਲ ਹਮਲਾ ਜਾਂ ਅਪਰਾਧਕ ਤਾਕਤ) ਦੇ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਸੀ।
71 ਸਾਲਾ ਕਿਸ਼ੋਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ’ਚ ਅਪਣੇ ਅਦਾਲਤ ਦੇ ਕਮਰੇ ’ਚ ਚੀਫ਼ ਜਸਟਿਸ ਗਵਈ ਉਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਸੀ, ਪਰ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਰੋਕ ਲਿਆ ਸੀ। ਪੁਲਿਸ ਸੂਤਰਾਂ ਮੁਤਾਬਕ ਖਜੁਰਾਹੋ ’ਚ ਵਿਸ਼ਨੂੰ ਦੀ ਮੂਰਤੀ ਦੀ ਬਹਾਲੀ ਨੂੰ ਲੈ ਕੇ ਪਿਛਲੇ ਮਹੀਨੇ ਸੁਣਵਾਈ ਦੌਰਾਨ ਚੀਫ਼ ਜਸਟਿਸ ਦੀ ਟਿਪਣੀ ਤੋਂ ਨਾਰਾਜ਼ ਵਕੀਲ ਨਾਰਾਜ਼ ਸਨ। ਐਡਵੋਕੇਟਸ ਐਸੋਸੀਏਸ਼ਨ ਨੇ ਇੱਥੇ ਵਿਧਾਨ ਸੌਧਾ ਥਾਣੇ ਦੇ ਐਸ.ਐਚ.ਓ. ਨੂੰ ਸੌਂਪੀ ਸ਼ਿਕਾਇਤ ਵਿਚ ਕਿਹਾ ਕਿ ਰਾਕੇਸ਼ ਕਿਸ਼ੋਰ ਦਾ ਕੰਮ ਸਮਾਜ ਦੇ ਕਿਸੇ ਵੀ ਵਰਗ ਵਲੋਂ ਮੁਆਫੀਯੋਗ ਅਤੇ ਸਵੀਕਾਰਯੋਗ ਨਹੀਂ ਹੈ। ਦਰਅਸਲ, ਉਸ ਦਾ ਕੰਮ ਸਜ਼ਾਯੋਗ ਹੈ ... ਇਹ ਗੰਭੀਰ ਘਟਨਾ ਹੈ ਅਤੇ ਦੋਸ਼ੀ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਤੀ ਜਾਵੇ।