ਭਾਰਤ 'ਚ 33 ਲੱਖ ਤੋਂ ਵੱਧ ਬੱਚੇ ਕੁਪੋਸ਼ਿਤ, 17.7 ਲੱਖ ਗੰਭੀਰ ਕੁਪੋਸ਼ਣ ਦਾ ਸ਼ਿਕਾਰ: ਸਰਕਾਰੀ ਅੰਕੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੰਬਰ 2020 ਅਤੇ ਅਕਤੂਬਰ 14, 2021 ਦੇ ਵਿਚਕਾਰ, ਗੰਭੀਰ ਕੁਪੋਸ਼ਣ ਵਾਲੇ ਬੱਚਿਆਂ ਦੀ ਗਿਣਤੀ ਵਿਚ 91 ਪ੍ਰਤੀਸ਼ਤ ਵਾਧਾ ਹੋਇਆ ਹੈ।  

33 Lakh Children In India Malnourished, Over 50% Cases Severe: Report

 

ਨਵੀਂ ਦਿੱਲੀ : ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਤਹਿਤ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਦੇਸ਼ ਵਿਚ 33 ਲੱਖ ਤੋਂ ਵੱਧ ਬੱਚੇ ਕੁਪੋਸ਼ਿਤ ਹਨ ਅਤੇ ਇਨ੍ਹਾਂ ਵਿਚੋਂ ਅੱਧੇ ਤੋਂ ਵੱਧ ਅਤਿ ਕੁਪੋਸ਼ਿਤ ਦੀ ਸ਼੍ਰੇਣੀ ਵਿਚ ਆਉਂਦੇ ਹਨ। ਕੁਪੋਸ਼ਿਤ ਬੱਚਿਆਂ ਵਾਲੇ ਰਾਜਾਂ ਵਿਚ ਮਹਾਰਾਸ਼ਟਰ, ਬਿਹਾਰ ਅਤੇ ਗੁਜਰਾਤ ਸੱਭ ਤੋਂ ਉਪਰ ਹਨ।

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਕੋਵਿਡ ਮਹਾਮਾਰੀ ਕਾਰਨ ਸਿਹਤ ਅਤੇ ਪੋਸ਼ਣ ਸਬੰਧੀ ਸੰਕਟ ਹੋਰ ਜ਼ਿਆਦਾ ਵਧਣ ਸਬੰਧੀ ਖਦਸ਼ਾ ਜਤਾਉਂਦੇ ਹੋਏ ਅੰਦਾਜ਼ਾ ਜਾਹਰ ਕੀਤਾ ਕਿ 14 ਅਕਤੂਬਰ, 2021 ਤਕ ਦੇਸ਼ ਵਿਚ 17,76,902 ਬੱਚੇ ਗੰਭੀਰ ਕੁਪੋਸ਼ਣ ਅਤੇ 15,46,420 ਬੱਚੇ ਘੱਟ ਕੁਪੋਸ਼ਣ ਦਾ ਸ਼ਿਕਾਰ ਹਨ।
  ਮੰਤਰਾਲੇ ਨੇ ਪੀਟੀਆਈ ਦੁਆਰਾ ਇਕ ਆਰਟੀਆਈ ਅਰਜ਼ੀ ਦੇ ਜਵਾਬ ਵਿਚ ਕਿਹਾ ਕਿ 34 ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੇ ਅੰਕੜਿਆਂ ਤੋਂ ਕੁਲ 33,23,322 ਬੱਚਿਆਂ ਦੇ ਅੰਕੜੇ ਆਏ ਹਨ।

ਇਹ ਡੇਟਾ ਪਿਛਲੇ ਸਾਲ ਪੋਸ਼ਣ ਐਪ ’ਤੇ ਰਜਿਸਟਰ ਕੀਤੇ ਗਏ ਤਾਕਿ ਨਤੀਜਿਆਂ ਦੀ ਨਿਗਰਾਨੀ ਕੀਤੀ ਜਾ ਸਕੇ। ਇਹ ਅੰਕੜੇ ਅਪਣੇ ਆਪ ਵਿਚ ਚਿੰਤਾਜਨਕ ਹਨ, ਪਰ ਇਹ ਪਿਛਲੇ ਸਾਲ ਨਵੰਬਰ ਦੇ ਮੁਕਾਬਲੇ ਵੱਧ ਚਿੰਤਾਵਾਂ ਪੈਦਾ ਕਰਦੇ ਹਨ। ਨਵੰਬਰ 2020 ਅਤੇ ਅਕਤੂਬਰ 14, 2021 ਦੇ ਵਿਚਕਾਰ, ਗੰਭੀਰ ਕੁਪੋਸ਼ਣ ਵਾਲੇ ਬੱਚਿਆਂ ਦੀ ਗਿਣਤੀ ਵਿਚ 91 ਪ੍ਰਤੀਸ਼ਤ ਵਾਧਾ ਹੋਇਆ ਹੈ।  

ਹਾਲਾਂਕਿ, ਇਸ ਸਬੰਧ ਵਿਚ ਦੋ ਤਰ੍ਹਾਂ ਦੇ ਅੰਕੜੇ ਹਨ ਜੋ ਅੰਕੜੇ ਇਕੱਤਰ ਕਰਨ ਦੇ ਵੱਖ-ਵੱਖ ਤਰੀਕਿਆਂ ’ਤੇ ਅਧਾਰਤ ਹਨ। ਪਿਛਲੇ ਸਾਲ, 36 ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੁਆਰਾ ਗੰਭੀਰ ਕੁਪੋਸ਼ਿਤ ਬੱਚਿਆਂ (ਛੇ ਮਹੀਨਿਆਂ ਤੋਂ ਛੇ ਸਾਲ ਤਕ) ਦੀ ਗਿਣਤੀ ਕੀਤੀ ਗਈ ਸੀ ਅਤੇ ਕੇਂਦਰ ਨੂੰ ਰਿਪੋਰਟ ਕੀਤੀ ਗਈ ਸੀ। ਤਾਜ਼ਾ ਅੰਕੜੇ ਪੋਸ਼ਣ ਟਰੈਕਰ ਐਪ ਤੋਂ ਲਏ ਗਏ ਹਨ ਜਿਥੇ ਅੰਕੜੇ ਸਿੱਧੇ ਆਂਗਨਵਾੜੀਆਂ ਦੁਆਰਾ ਦਰਜ ਕੀਤੇ ਜਾਂਦੇ ਹਨ ਅਤੇ ਕੇਂਦਰ ਇਨ੍ਹਾਂ ਨੂੰ ਪ੍ਰਾਪਤ ਕਰਦਾ ਹੈ।