ਚੇਨਈ 'ਚ ਮੀਂਹ ਦਾ ਕਹਿਰ : 4 ਜ਼ਿਲ੍ਹਿਆਂ 'ਚ ਦੋ ਦਿਨ ਲਈ ਸਕੂਲ ਬੰਦ

ਏਜੰਸੀ

ਖ਼ਬਰਾਂ, ਰਾਸ਼ਟਰੀ

NDRF ਦੀਆਂ 4 ਟੀਮਾਂ ਬਚਾਅ ਕਾਰਜਾਂ 'ਚ ਜੁੱਟੀਆਂ,ਅਗਲੇ ਦੋ ਦਿਨਾਂ ਤੱਕ ਭਾਰੀ ਮੀਂਹ ਦੀ ਸੰਭਾਵਨਾ

rain

ਚੇਨਈ : ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਹੜ੍ਹ ਦੀ ਸਥਿਤੀ ਬਣ ਗਈ ਹੈ। ਮੌਸਮ ਵਿਭਾਗ ਨੇ ਸੋਮਵਾਰ ਨੂੰ ਵੀ ਚੇਨਈ ਵਿਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਚੇਨਈ ਅਤੇ ਆਸਪਾਸ ਦੇ ਇਲਾਕਿਆਂ ਵਿਚ ਸਕੂਲ ਦੋ ਦਿਨਾਂ ਲਈ ਬੰਦ ਕਰ ਦਿਤੇ ਗਏ ਹਨ। ਜ਼ਿਆਦਾਤਰ ਸਰਕਾਰੀ ਦਫ਼ਤਰ ਵੀ ਬੰਦ ਹਨ। ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਨਿੱਜੀ ਕੰਪਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਰਮਚਾਰੀਆਂ ਨੂੰ ਛੁੱਟੀ ਦੇਣ ਜਾਂ ਉਨ੍ਹਾਂ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇਣ।

ਰਾਜ ਦੇ ਮਾਲੀਆ ਅਤੇ ਆਫ਼ਤ ਪ੍ਰਬੰਧਨ ਮੰਤਰੀ ਕੇਕੇਐਸਐਸਆਰ ਰਾਮਚੰਦਰਨ ਨੇ ਕਿਹਾ ਕਿ ਚੇਨਈ ਵਿਚ ਲਗਭਗ 260 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਸ਼ਹਿਰ ਵਿਚ 160 ਰਾਹਤ ਕੇਂਦਰ ਖੋਲ੍ਹੇ ਗਏ ਹਨ ਅਤੇ ਐਤਵਾਰ ਨੂੰ ਲੋਕਾਂ ਨੂੰ 50,451 ਫੂਡ ਪੈਕੇਟ ਵੰਡੇ ਗਏ। ਕਾਂਚੀਪੁਰਮ ਅਤੇ ਚੇਂਗਲਪੱਟੂ ਜ਼ਿਲ੍ਹਿਆਂ ਵਿਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਤਿਰੂਵੱਲੁਰ, ਚੇਂਗਲਪੱਟੂ ਅਤੇ ਕਾਂਚੀਪੁਰਮ ਜ਼ਿਲ੍ਹਿਆਂ ਦੇ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਦਿਤੇ ਗਏ ਹਨ। NDRF ਦੀਆਂ ਚਾਰ ਟੀਮਾਂ ਵੀ ਬਚਾਅ ਕਾਰਜ 'ਚ ਲੱਗੀਆਂ ਹੋਈਆਂ ਹਨ।

ਤਾਮਿਲਨਾਡੂ ਵਿਚ ਪਿਛਲੇ ਕੁਝ ਦਿਨਾਂ ਤੋਂ ਉੱਤਰ-ਪੂਰਬੀ ਮਾਨਸੂਨ ਸਰਗਰਮ ਹੈ, ਜਿਸ ਕਾਰਨ ਸੂਬੇ ਵਿਚ ਭਾਰੀ ਮੀਂਹ ਪੈ ਰਿਹਾ ਹੈ। ਸਰਕਾਰ ਨੇ ਕਿਹਾ ਕਿ ਸੂਬੇ ਵਿਚ ਔਸਤ ਨਾਲੋਂ 41 ਫ਼ੀ ਸਦੀ ਵੱਧ ਮੀਂਹ ਪਿਆ ਹੈ। ਬੰਗਾਲ ਦੀ ਖਾੜੀ ਵਿਚ 9 ਨਵੰਬਰ ਨੂੰ ਘੱਟ ਦਬਾਅ ਦਾ ਵੀ ਅਨੁਮਾਨ ਜਤਾਇਆ ਗਿਆ ਹੈ। ਮੌਸਮ ਵਿਭਾਗ ਅਨੁਸਾਰ ਚੱਕਰਵਾਤੀ ਪ੍ਰਣਾਲੀ ਬਣਨ ਕਾਰਨ ਚੇਨਈ ਵਿਚ ਭਾਰੀ ਮੀਂਹ ਦਰਜ ਕੀਤਾ ਗਿਆ ਹੈ। ਉੱਤਰ-ਪੂਰਬੀ ਮਾਨਸੂਨ ਕਾਰਨ 9 ਤੋਂ 11 ਨਵੰਬਰ ਤੱਕ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਤੱਟਵਰਤੀ ਖੇਤਰਾਂ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਐਤਵਾਰ ਦੁਪਹਿਰ ਤੱਕ 81 ਲੋਕਾਂ ਨੂੰ ਉਨ੍ਹਾਂ ਦੇ ਘਰਾਂ 'ਚੋਂ ਕੱਢ ਕੇ ਜਨਤਕ ਸ਼ੈਲਟਰ ਹੋਮ 'ਚ ਪਨਾਹ ਦਿੱਤੀ ਗਈ। ਸੜਕਾਂ 'ਤੇ ਪਾਣੀ ਭਰ ਜਾਣ ਕਾਰਨ ਕਈ ਇਲਾਕਿਆਂ ਤੋਂ ਆਵਾਜਾਈ ਨੂੰ ਮੋੜ ਦਿੱਤਾ ਗਿਆ। ਚੇਨਈ ਸੈਂਟਰਲ ਤੋਂ ਚੱਲਣ ਵਾਲੀਆਂ ਪੰਜ ਟਰੇਨਾਂ ਆਪਣੇ ਸਮੇਂ ਤੋਂ ਪਿੱਛੇ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਪਟੜੀਆਂ 'ਤੇ ਪਾਣੀ ਭਰ ਜਾਣ ਕਾਰਨ ਚੇਨਈ 'ਚ ਦਾਖਲ ਹੋਣ ਵਾਲੀਆਂ ਟਰੇਨਾਂ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਨ। ਟਰੈਕ ਤੋਂ ਪਾਣੀ ਕੱਢਣ ਲਈ ਪੰਪ ਦੀ ਮਦਦ ਲਈ ਜਾ ਰਹੀ ਹੈ।

ਚੇਨਈ ਦੇ ਆਲੇ-ਦੁਆਲੇ ਦੀਆਂ ਝੀਲਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ । ਇਸ ਤਰ੍ਹਾਂ ਚੇਂਬਰਮਬੱਕਮ ਝੀਲ ਦਾ ਪਾਣੀ ਛੱਡ ਦਿੱਤਾ ਗਿਆ ਹੈ। ਚੇਨਈ 2015 ਵਿਚ ਭਾਰੀ ਬਾਰਸ਼ ਦੇ ਦੌਰਾਨ ਇਸੇ ਝੀਲ ਤੋਂ ਪਾਣੀ ਛੱਡਣ ਕਾਰਨ ਹੜ੍ਹ ਆਇਆ ਸੀ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਯਮਤ ਤੌਰ 'ਤੇ ਪਾਣੀ ਛੱਡਣ ਨਾਲ ਹੜ੍ਹ ਨਹੀਂ ਆਉਣਗੇ ਪਰ ਜੇਕਰ ਬਾਰਿਸ਼ ਜਾਰੀ ਰਹੀ ਤਾਂ ਮੁਡੂਚਰ ਦੇ ਆਲੇ-ਦੁਆਲੇ ਦੇ ਇਲਾਕੇ ਪਾਣੀ 'ਚ ਡੁੱਬ ਸਕਦੇ ਹਨ।