ਝਾਰਖੰਡ: ਇਨਕਮ ਟੈਕਸ ਛਾਪੇਮਾਰੀ ਦੌਰਾਨ 100 ਕਰੋੜ ਰੁਪਏ ਦੀ ਬੇਹਿਸਾਬੀ ਜਾਇਦਾਦ ਮਿਲੀ
ਤਲਾਸ਼ੀ ਮੁਹਿੰਮ 'ਚ ਵੱਡੀ ਗਿਣਤੀ 'ਚ ਅਪਰਾਧਕ ਦਸਤਾਵੇਜ਼ ਅਤੇ ਡਿਜੀਟਲ ਸਬੂਤ ਜ਼ਬਤ ਕੀਤੇ ਗਏ ਹਨ।
ਝਾਰਖੰਡ: ਆਮਦਨ ਕਰ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਹਾਲ ਹੀ ਵਿਚ ਝਾਰਖੰਡ ’ਚ ਕੋਲੇ ਦੇ ਵਪਾਰ, ਆਵਾਜਾਈ, ਲੋਹੇ ਦੀ ਖਨਨ ਆਦਿ ਨਾਲ ਸਬੰਧਤ ਕੁਝ ਕਾਰੋਬਾਰੀ ਸਮੂਹਾਂ ’ਤੇ ਕੀਤੀ ਗਈ ਛਾਪੇਮਾਰੀ ਵਿਚ 100 ਕਰੋੜ ਰੁਪਏ ਤੋਂ ਵੱਧ ਦੇ ਬੇਹਿਸਾਬ ਲੈਣ-ਦੇਣ/ਨਿਵੇਸ਼ ਦਾ ਪਤਾ ਲਗਾਇਆ ਗਿਆ ਹੈ। 4 ਨਵੰਬਰ ਨੂੰ ਸ਼ੁਰੂ ਕੀਤੀ ਗਈ ਕਾਰਵਾਈ ਵਿੱਚ ਜੇਡੀਯੂ ਦੇ ਦੋ ਨੇਤਾ ਅਤੇ ਉਨ੍ਹਾਂ ਦੇ ਸਹਿਯੋਗੀ ਵੀ ਸ਼ਾਮਲ ਹਨ।
ਆਮਦਨ ਕਰ ਵਿਭਾਗ ਨੇ ਕਿਹਾ, ਤਲਾਸ਼ੀ ਦੌਰਾਨ 2 ਕਰੋੜ ਰੁਪਏ ਤੋਂ ਵੱਧ ਦੀ ਅਣਦੱਸੀ ਨਕਦੀ ਜ਼ਬਤ ਕੀਤੀ ਗਈ ਹੈ। 16 ਬੈਂਕ ਲਾਕਰਾਂ 'ਤੇ ਪਾਬੰਦੀ ਲਗਾਈ ਗਈ। ਹੁਣ ਤੱਕ ਦੀਆਂ ਖੋਜਾਂ ਵਿੱਚ 100 ਕਰੋੜ ਰੁਪਏ ਤੋਂ ਵੱਧ ਦੇ ਬੇਹਿਸਾਬ ਲੈਣ-ਦੇਣ/ਨਿਵੇਸ਼ ਸਾਹਮਣੇ ਆਏ ਹਨ। ਵਿਭਾਗ ਨੇ ਰਾਂਚੀ, ਗੋਡਾ, ਬੇਰਮੋ, ਦੁਮਕਾ, ਜਮਸ਼ੇਦਪੁਰ, ਚਾਈਬਾਸਾ, ਪਟਨਾ, ਗੁਰੂਗ੍ਰਾਮ ਅਤੇ ਕੋਲਕਾਤਾ ਵਿੱਚ ਸਥਿਤ 50 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ।
ਤਲਾਸ਼ੀ ਮੁਹਿੰਮ 'ਚ ਵੱਡੀ ਗਿਣਤੀ 'ਚ ਅਪਰਾਧਕ ਦਸਤਾਵੇਜ਼ ਅਤੇ ਡਿਜੀਟਲ ਸਬੂਤ ਜ਼ਬਤ ਕੀਤੇ ਗਏ ਹਨ।
ਇਨ੍ਹਾਂ ਸਬੂਤਾਂ ਦੇ ਸ਼ੁਰੂਆਤੀ ਵਿਸ਼ਲੇਸ਼ਣ ਤੋਂ ਸੰਕੇਤ ਮਿਲਦਾ ਹੈ ਕਿ ਵਪਾਰਕ ਸਮੂਹਾਂ ਨੇ ਟੈਕਸ ਚੋਰੀ ਦੇ ਵੱਖ-ਵੱਖ ਤਰੀਕਿਆਂ ਦਾ ਸਹਾਰਾ ਲਿਆ, ਜਿਵੇਂ ਕਿ ਨਕਦੀ ਵਿਚ ਕਰਜ਼ ਦਾ ਲੈਣ-ਦੇਣ, ਨਕਦ ਭੁਗਤਾਨ, ਅਤੇ ਉਤਪਾਦਨ ਵਿਚ ਕਮੀ ਦਾ ਸਹਾਰਾ ਲਿਆ।
ਆਈਟੀ ਵਿਭਾਗ ਨੇ ਕਿਹਾ, ਜਾਂਚ ਦੇ ਦੌਰਾਨ ਅਚੱਲ ਜਾਇਦਾਦਾਂ ਵਿੱਚ ਕੀਤੇ ਨਿਵੇਸ਼ ਦੇ ਸਰੋਤ ਦਾ ਤਸੱਲੀਬਖਸ਼ ਸਪੱਸ਼ਟੀਕਰਨ ਸਾਹਮਣੇ ਨਹੀਂ ਆਇਆ। ਠੇਕੇ ਆਦਿ ਲੈਣ ਵਾਲੇ ਇੱਕ ਗਰੁੱਪ ਆਪਣੇ ਖਾਤੇ ਨੂੰ ਨਿਯਮਿਤ ਢੰਗ ਨਾਲ ਅੱਪਡੇਟ ਨਹੀਂ ਕਰ ਰਹੇ ਸਨ। ਆਮਦਨ ਕਰ ਵਿਭਾਗ ਨੇ ਕਿਹਾ ਕਿ ਲੋਹੇ ਅਤੇ ਕੋਲੇ ਦੇ ਵਪਾਰ ਵਿੱਚ ਲੱਗੇ ਇੱਕ ਹੋਰ ਸਮੂਹ ਦੇ ਮਾਮਲੇ ਵਿੱਚ ਭਾਰੀ ਮੁੱਲ ਦੇ ਲੋਹੇ ਦਾ ਬੇਹਿਸਾਬ ਸਟਾਕ ਮਿਲਿਆ ਹੈ।
ਉਕਤ ਸਮੂਹ ਨੇ ਸ਼ੈੱਲ ਕੰਪਨੀਆਂ ਰਾਹੀਂ ਆਪਣੇ ਬੇਹਿਸਾਬ ਧਨ ਨੂੰ ਅਸੁਰੱਖਿਅਤ ਕਰਜ ਅਤੇ ਸ਼ੇਅਰ ਪੂੰਜੀ ਦੇ ਰੂਪ ਵਿਚ ਪੇਸ਼ ਕੀਤਾ ਹੈ। ਇਸ ਸਮੂਹ ਨਾਲ ਜੁੜੇ ਪੇਸ਼ੇਵਰਾਂ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੇ ਕਿਸੇ ਵੀ ਸਹਾਇਕ ਦਸਤਾਵੇਜ ਦੀ ਪੁਸ਼ਟੀ ਨਹੀਂ ਕੀਤੀ ਅਤੇ ਕੰਪਨੀ ਦੇ ਲੇਖਾਕਾਰਾਂ ਦੁਆਰਾ ਤਿਆਰ ਆਡਿਟ ਰਿਪੋਰਟ 'ਤੇ ਦਸਤਖਤ ਕੀਤੇ ਸਨ। ਵਿਭਾਗ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।