ਮੱਧ ਪ੍ਰਦੇਸ਼ ’ਚ ਬੱਚਿਆਂ ਦੀ ਥਾਲੀ ਤੱਕ ਚੋਰੀ: ਰਾਹੁਲ ਗਾਂਧੀ
ਅਖ਼ਬਾਰਾਂ ਉਤੇ ਰੱਖ ਕੇ ‘ਮਿਡ-ਡੇਅ ਮੀਲ’ ਖਾ ਰਹੇ ਬੱਚਿਆਂ ਦੀ ਵੀਡੀਉ ਕੀਤੀ ਸਾਂਝੀ
ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਨਿਚਰਵਾਰ ਨੂੰ ਮੱਧ ਪ੍ਰਦੇਸ਼ ਦੇ ਇਕ ਸਕੂਲ ਵਿਚ ਅਖ਼ਬਾਰ ਉਤੇ ਰੱਖ ਕੇ ‘ਮਿਡ ਡੇਅ ਮੀਲ’ ਖਾਂਦੇ ਬੱਚਿਆਂ ਦੀ ਵੀਡੀਉ ਸਾਂਝੀ ਕੀਤੀ ਅਤੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਭਵਿੱਖ ਨੂੰ ਅਜਿਹੀ ਤਰਸਯੋਗ ਸਥਿਤੀ ’ਚ ਪਾਉਣ ਲਈ ਸ਼ਰਮਿੰਦਾ ਹੋਣਾ ਚਾਹੀਦਾ ਹੈ।
ਵੀਡੀਉ ਦੇ ਨਾਲ ਇਕ ਪੋਸਟ ’ਚ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਦੋਸ਼ ਲਾਇਆ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ‘ਵਿਕਾਸ’ ਸਿਰਫ ਇਕ ਭਰਮ ਹੈ ਅਤੇ ਪਾਰਟੀ ਦਾ ਸੱਤਾ ਵਿਚ ਆਉਣ ਦਾ ਅਸਲ ਰਾਜ਼ ‘ਵਿਵਸਥਾ’ ਹੈ। ਉਨ੍ਹਾਂ ਕਿਹਾ, ‘‘ਮੈਂ ਅੱਜ ਮੱਧ ਪ੍ਰਦੇਸ਼ ਜਾ ਰਿਹਾ ਹਾਂ। ਅਤੇ ਜਦੋਂ ਮੈਂ ਇਹ ਖ਼ਬਰ ਵੇਖੀ ਕਿ ਉੱਥੇ ਬੱਚਿਆਂ ਨੂੰ ਅਖ਼ਬਾਰਾਂ ਵਿਚ ਮਿਡ-ਡੇ-ਮੀਲ ਪਰੋਸਿਆ ਜਾ ਰਿਹਾ ਹੈ, ਮੇਰਾ ਦਿਲ ਟੁੱਟ ਗਿਆ ਹੈ।’’
ਰਾਹੁਲ ਗਾਂਧੀ ਨੇ ਕਿਹਾ, ‘‘ਇਹ ਉਹੀ ਮਾਸੂਮ ਬੱਚੇ ਹਨ ਜਿਨ੍ਹਾਂ ਦੇ ਸੁਪਨਿਆਂ ਉਤੇ ਦੇਸ਼ ਦਾ ਭਵਿੱਖ ਟਿਕਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਸਨਮਾਨ ਦੀ ਇਕ ਥਾਲੀ ਵੀ ਨਹੀਂ ਮਿਲ ਰਹੀ।’’ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਸੂਬੇ ਵਿਚ ਅਪਣੇ 20 ਸਾਲਾਂ ਤੋਂ ਵੱਧ ਸਮੇਂ ਦੇ ਸ਼ਾਸਨ ਦੌਰਾਨ ਬੱਚਿਆਂ ਦੀਆਂ ਪਲੇਟਾਂ ਵੀ ਚੋਰੀ ਕਰ ਲਈਆਂ ਹਨ।