ਭਾਰਤ ਨੂੰ 113 ਤੇਜਸ ਮਾਰਕ 1ਏ ਇੰਜਣ ਦੇਵੇਗਾ ਅਮਰੀਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐੱਚ.ਏ.ਐੱਲ. ਨੇ ਖਰੀਦ ਲਈ ਜੀ.ਈ. ਏਅਰੋਸਪੇਸ ਨਾਲ ਕੀਤਾ 8870 ਕਰੋੜ ਰੁਪਏ ਦਾ ਵਿਸ਼ਾਲ ਸੌਦਾ ਕੀਤਾ

US to provide 113 Tejas Mark 1A engines to India

ਨਵੀਂ ਦਿੱਲੀ: ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐਚ.ਏ.ਐਲ.) ਨੇ ਅਪਣੇ ਤੇਜਸ ਹਲਕੇ ਲੜਾਕੂ ਜਹਾਜ਼ ਪ੍ਰੋਗਰਾਮ ਲਈ 113 ਜੈੱਟ ਇੰਜਣਾਂ ਦੀ ਖਰੀਦ ਲਈ ਅਮਰੀਕੀ ਰੱਖਿਆ ਕੰਪਨੀ ਜੀ.ਈ. ਏਅਰੋਸਪੇਸ ਨਾਲ ਸ਼ੁਕਰਵਾਰ ਨੂੰ ਇਕ ਵੱਡਾ ਸੌਦਾ ਕੀਤਾ ਹੈ। ਟਰੰਪ ਪ੍ਰਸ਼ਾਸਨ ਵਲੋਂ ਭਾਰਤੀ ਸਾਮਾਨ ਉਤੇ 50 ਫੀ ਸਦੀ ਟੈਰਿਫ ਲਗਾਉਣ ਤੋਂ ਬਾਅਦ ਭਾਰਤ-ਅਮਰੀਕਾ ਸੰਬੰਧਾਂ ’ਚ ਗਿਰਾਵਟ ਦੇ ਬਾਵਜੂਦ ਇਹ ਸੌਦਾ ਮਜ਼ਬੂਤ ਹੋਇਆ ਹੈ।

ਅਧਿਕਾਰੀਆਂ ਨੇ ਦਸਿਆ ਕਿ ਇਸ ਸੌਦੇ ਦੇ ਤਹਿਤ ਐਫ 404-ਜੀ.ਈ.-ਆਈ.ਐਨ. 20 ਇੰਜਣਾਂ ਦੀ ਸਪੁਰਦਗੀ 2027 ਤੋਂ ਸ਼ੁਰੂ ਹੋਵੇਗੀ ਅਤੇ ਸਪਲਾਈ 2032 ਤਕ ਪੂਰੀ ਕਰਨੀ ਪਵੇਗੀ।

ਇਸ ਸੌਦੇ ਦਾ ਆਕਾਰ 1 ਅਰਬ ਡਾਲਰ (ਲਗਭਗ 8,870 ਕਰੋੜ ਰੁਪਏ) ਦੇ ਕਰੀਬ ਦਸਿਆ ਜਾ ਰਿਹਾ ਹੈ। ਐੱਚ.ਏ.ਐੱਲ. ਨੇ ਕਿਹਾ ਕਿ ਉਸ ਨੇ 97 ਹਲਕੇ ਲੜਾਕੂ ਹਵਾਈ ਜਹਾਜ਼ ਐਮ.ਕੇ.-1ਏ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਇੰਜਣਾਂ ਅਤੇ ਸਹਾਇਤਾ ਪੈਕੇਜ ਨੂੰ ਹਾਸਲ ਕਰਨ ਲਈ ਜਨਰਲ ਇਲੈਕਟ੍ਰਿਕ ਕੰਪਨੀ ਨਾਲ ਸਮਝੌਤਾ ਕੀਤਾ ਹੈ।

ਰੱਖਿਆ ਮੰਤਰਾਲੇ ਨੇ ਸਤੰਬਰ ’ਚ ਭਾਰਤੀ ਹਵਾਈ ਫੌਜ ਲਈ 97 ਤੇਜਸ ਐਮ.ਕੇ.-1ਏ ਹਲਕੇ ਲੜਾਕੂ ਜਹਾਜ਼ ਖਰੀਦਣ ਲਈ ਐੱਚ.ਏ.ਐੱਲ. ਨਾਲ 62,370 ਕਰੋੜ ਰੁਪਏ ਦਾ ਸੌਦਾ ਕੀਤਾ ਸੀ। ਤੇਜਸ ਇਕ ਇੰਜਣ ਵਾਲਾ ਮਲਟੀ-ਰੋਲ ਲੜਾਕੂ ਜਹਾਜ਼ ਹੈ ਜੋ ਉੱਚ-ਖ਼ਤਰੇ ਵਾਲੇ ਹਵਾਈ ਵਾਤਾਵਰਣ ਵਿਚ ਕੰਮ ਕਰਨ ਦੇ ਸਮਰੱਥ ਹੈ।

ਇਸ ਨੂੰ ਹਵਾਈ ਰੱਖਿਆ, ਸਮੁੰਦਰੀ ਜਾਸੂਸੀ ਅਤੇ ਹਮਲੇ ਦੀਆਂ ਭੂਮਿਕਾਵਾਂ ਨੂੰ ਨਿਭਾਉਣ ਲਈ ਤਿਆਰ ਕੀਤਾ ਗਿਆ ਹੈ। ਐਚ.ਏ.ਐਲ. ਇਕ ਹੋਰ ਐਲ.ਸੀ.ਏ. ਐਮ.ਕੇ.1ਏ ਜੈੱਟਾਂ ਨੂੰ ਸ਼ਕਤੀ ਦੇਣ ਲਈ ਜੀ.ਈ. ਐਫ404-ਆਈ.ਐਨ. 20 ਇੰਜਣਾਂ ਦੀ ਵਰਤੋਂ ਵੀ ਕਰ ਰਿਹਾ ਹੈ।

ਫ਼ਰਵਰੀ 2021 ’ਚ, ਰੱਖਿਆ ਮੰਤਰਾਲੇ ਨੇ ਭਾਰਤੀ ਹਵਾਈ ਫੌਜ ਲਈ 83 ਤੇਜਸ ਐਮ.ਕੇ.-1ਏ ਜਹਾਜ਼ਾਂ ਦੀ ਖਰੀਦ ਲਈ ਐਚ.ਏ.ਐਲ. ਨਾਲ 48,000 ਕਰੋੜ ਰੁਪਏ ਦਾ ਸੌਦਾ ਕੀਤਾ ਸੀ। ਜੈੱਟਾਂ ਦੀ ਸਪੁਰਦਗੀ ਵਿਚ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮੁੱਖ ਤੌਰ ਉਤੇ ਜੀ.ਈ. ਏਅਰੋਸਪੇਸ ਨੇ ਜੈੱਟਾਂ ਨੂੰ ਸ਼ਕਤੀ ਦੇਣ ਲਈ ਅਪਣੇ ਏਅਰੋ ਇੰਜਣਾਂ ਦੀ ਸਪਲਾਈ ਲਈ ਕਈ ਸਮਾਂ-ਸੀਮਾਵਾਂ ਗੁਆ ਦਿਤੀ ਆਂ ਹਨ। ਭਾਰਤੀ ਹਵਾਈ ਫੌਜ ਜੰਗੀ ਜਹਾਜ਼ਾਂ ਨੂੰ ਸ਼ਾਮਲ ਕਰਨ ਉਤੇ ਵਿਚਾਰ ਕਰ ਰਹੀ ਹੈ ਕਿਉਂਕਿ ਇਸ ਦੇ ਲੜਾਕੂ ਸਕੁਐਡਰਨਾਂ ਦੀ ਗਿਣਤੀ ਅਧਿਕਾਰਤ ਤੌਰ ਉਤੇ ਮਨਜ਼ੂਰਸ਼ੁਦਾ ਤਾਕਤ 42 ਤੋਂ ਘਟ ਕੇ 31 ਰਹਿ ਗਈ ਹੈ।