ਨਰੇਂਦਰ ਤੋਮਰ ਤੇ ਮਨੋਹਰ ਲਾਲ ਖੱਟੜ ਵਿਚਾਲੇ ਹੋਈ ਬੈਠਕ, ਕਿਸਾਨ ਅੰਦੋਲਨ 'ਤੇ ਕੀਤੀ ਚਰਚਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਖੇਤੀ ਨੂੰ ਪਟੜੀ 'ਤੇ ਲਿਆਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ

Farmers’ protest: Haryana CM Khattar to meet agriculture minister Tomar

ਹਰਿਆਣਾ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਉਨ੍ਹਾਂ ਦੀ 3, ਕ੍ਰਿਸ਼ਨਾ ਮੈਨਨ ਮਾਰਗ ਸਥਿਤ ਦਿੱਲੀ ਵਿਖੇ ਮੁਲਾਕਾਤ ਕੀਤੀ। ਇਸ ਸਮੇਂ ਦੋਵਾਂ ਨੇਤਾਵਾਂ ਨੇ ਪੰਜਾਬ ਅਤੇ ਹਰਿਆਣਾ ਦੇ ਅੰਦੋਲਨਕਾਰੀ ਕਿਸਾਨਾਂ ਦੇ ਮਸਲਿਆਂ ਦੇ ਹੱਲ ਲਈ ਵਿਚਾਰ ਵਟਾਂਦਰੇ ਕੀਤੇ। 9 ਦਸੰਬਰ ਨੂੰ ਹੋਣ ਵਾਲੇ ਛੇਵੇਂ ਦੌਰ ਦੀ ਗੱਲਬਾਤ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਦਰਮਿਆਨ ਹੋਈ ਬੈਠਕ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਦਰਅਸਲ, ਪੰਜਾਬ ਦੇ ਕਿਸਾਨਾਂ ਦੁਆਰਾ ਸ਼ੁਰੂ ਕੀਤੇ ਗਏ ਅੰਦੋਲਨ ਨੂੰ ਹਰਿਆਣਾ ਦੇ ਕਈ ਕਿਸਾਨ ਸੰਗਠਨਾਂ ਦਾ ਵਿਆਪਕ ਸਮਰਥਨ ਮਿਲ ਰਿਹਾ ਹੈ। ਦੱਸ ਦਈਏ ਕਿ ਹਰਿਆਣਾ ਵਿਚ ਖੱਟਰ ਸਰਕਾਰ ਖਿਲਾਫ਼ ਖਾਪ ਪੰਚਾਇਤਾਂ ਸਮੇਤ ਆਜ਼ਾਦ ਵਿਧਾਇਕਾਂ ਨੇ ਝੰਡਾ ਚੁੱਕਿਆ ਹੋਇਆ ਹੈ। ਇਥੋਂ ਤੱਕ ਕਿ ਭਾਜਪਾ ਸਰਕਾਰ ਦੀ ਭਾਈਵਾਲ ਜੇਜੇਪੀ ਦੇ 4 ਵਿਧਾਇਕ ਵੀ ਕਿਸਾਨਾਂ ਦੇ ਸਮਰਥਨ ਵਿਚ ਆ ਖੜ੍ਹੇ ਹੋਏ ਹਨ।

ਸਰਕਾਰ ਖਿਲਾਫ਼ ਬਣ ਰਹੇ ਆਜਿਹੇ ਮਾਹੌਲ ਤੋਂ ਬਾਅਦ ਭਾਜਪਾ ਦਾ ਫਿਕਰ ਵਧ ਗਿਆ ਹੈ। ਮੀਟਿੰਗ ਤੋਂ ਬਾਅਦ ਨਰਿੰਦਰ ਤੋਮਰ ਦਾ ਕਹਿਣਾ ਹੈ ਕਿ ਇਹ ਭਾਰਤ ਬੰਦ ਨਹੀਂ, ਰਾਜਨੀਤਕ ਬੰਦ ਹੈ। ਅਸੀਂ ਕਿਸਾਨਾਂ ਨਾਲ ਗੱਲ ਕਰ ਰਹੇ ਹਾਂ, ਆਸ ਹੈ ਜਲਦੀ ਹੀ ਰਸਤਾ ਕੱਢ ਲਿਆ ਜਾਵੇਗਾ।

ਮੈਂ ਪਹਿਲਾਂ ਕਹਿ ਚੁੱਕਿਆ ਹਾਂ ਕਿ ਇਸ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ ਤੇ ਜੋ ਵੀ ਕਿਸਾਨ ਅੰਦੋਲਨ 'ਤੇ ਸਿਆਸਤ ਕਰ ਰਿਹਾ ਹੈ ਉਹ ਬਾਜ ਆ ਜਾਣ। ਨਰਿੰਦਰ ਤੋਮਰ ਦਾ ਕਹਿਣਾ ਹੈ ਕਿਸਾਨਾਂ ਨਾਲ ਸਾਡੀ ਗੱਲ ਸਾਕਾਰਤਮਕ ਤਰੀਕੇ ਨਾਲ ਹੋ ਰਹੀ ਹੈ ਤੇ ਹੱਲ ਵੀ ਬਹੁਤ ਜਲਦ ਹੀ ਨਿਕਲੇਗਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਖੇਤੀ ਨੂੰ ਪਟੜੀ 'ਤੇ ਲਿਆਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ ਤੇ ਜੋ ਵੀ ਰਾਜਨੀਤਿਕ ਦਲ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ।