BJP ਲੀਡਰ ਨੇ ਪੈਟਰੋਲ ਦੀ ਵੱਧ ਰਹੀ ਕੀਮਤ ਨੂੰ ਲੈ ਕੇ ਸਰਕਾਰ ‘ਤੇ ਸਾਧਿਆ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੈਟਰੋਲ ਦੀ ਕੀਮਤ 90 ਰੁਪਏ ਪ੍ਰਤੀ ਲੀਟਰ ਤੱਕ ਪਹੁੰਚਣੀ ਭਾਰਤ ਸਰਕਾਰ ਵੱਲੋਂ ਦੇਸ਼ ਵਾਸੀਆਂ ਦਾ ਸ਼ੋਸ਼ਣ ਹੈ।

Subramanian Swamy

ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਹੁਣ ਤੱਕ ਕਈ ਸ਼ਹਿਰਾਂ ਵਿੱਚ ਪੈਟਰੋਲ 90 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਅਜਿਹੇ 'ਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਹੁਣ ਭਾਜਪਾ ਨੂੰ ਆਪਣੇ ਹੀ ਨੇਤਾਵਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਚਕਾਰ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਵੀ ਪੈਟਰੋਲ ਦੀ ਵੱਧ ਰਹੀ ਕੀਮਤ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।

ਸੁਬਰਾਮਨੀਅਮ ਸਵਾਮੀ ਨੇ ਟਵੀਟ ਕਰਕੇ ਕਿਹਾ " ‘ਪੈਟਰੋਲ ਦੀ ਕੀਮਤ 90 ਰੁਪਏ ਪ੍ਰਤੀ ਲੀਟਰ ਤੱਕ ਪਹੁੰਚਣੀ ਭਾਰਤ ਸਰਕਾਰ ਵੱਲੋਂ ਦੇਸ਼ ਵਾਸੀਆਂ ਦਾ ਸ਼ੋਸ਼ਣ ਹੈ। ਰਿਫਾਇਨਰੀ ਵਿੱਚ ਪੈਟਰੋਲ ਦੀ ਕੀਮਤ 30 ਰੁਪਏ ਪ੍ਰਤੀ ਲੀਟਰ ਹੈ। ਇਸ ਤੋਂ ਬਾਅਦ ਹਰ ਥਾਂ ਟੈਕਸ ਤੇ ਪੈਟਰੋਲ ਪੰਪ ਕਮਿਸ਼ਨ ਜੋੜਨ ਨਾਲ ਇਹ 60 ਰੁਪਏ ਤੱਕ ਦਾ ਵਾਧਾ ਹੁੰਦਾ ਹੈ। ਮੇਰੇ ਵਿਚਾਰ ਵਿੱਚ, ਪੈਟਰੋਲ ਨੂੰ ਵੱਧ ਤੋਂ ਵੱਧ 40 ਰੁਪਏ ਪ੍ਰਤੀ ਲੀਟਰ 'ਤੇ ਵੇਚਿਆ ਜਾਣਾ ਚਾਹੀਦਾ ਹੈ।"

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਸੀ ਕਿ ਪੈਟਰੋਲੀਅਮ ਨਿਰਯਾਤ ਕਰਨ ਵਾਲੇ ਦੇਸ਼ਾਂ ਦੇ ਸੰਗਠਨ ਦੇ ਕੱਚੇ ਤੇਲ ਦੇ ਉਤਪਾਦਨ ਨੂੰ ਵਧਾਉਣ ਦੇ ਤਾਜ਼ਾ ਫੈਸਲੇ ਤੋਂ ਬਾਅਦ, ਈਂਧਨ ਦੀਆਂ ਕੀਮਤਾਂ ਸਥਿਰ ਹੋਣਗੀਆਂ।