ਬੇਅਦਬੀ ਮਾਮਲਾ : ਵਿਪਾਸਨਾ ਅਤੇ ਨੈਨ ਨੇ ਬੀਮਾਰੀ ਦਾ ਬਹਾਨਾ ਕਰ ਕੇ SIT ਕੋਲ ਭੇਜਿਆ ਅਪਣਾ ਮੈਡੀਕਲ
SIT ਵਲੋਂ ਤਿੰਨ ਨੋਟਿਸ ਦੇਣ ਦੇ ਬਾਵਜੂਦ ਵੀ ਨਹੀ ਹੋਏ ਜਾਂਚ ਵਿਚ ਸ਼ਾਮਲ
ਸਿਰਸਾ (ਸੁਰਿੰਦਰ ਪਾਲ ਸਿੰਘ) : 1 ਜੁਲਾਈ 2015 ਨੂੰ ਪੰਜਾਬ ਦੇ ਪਿੰਡ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਮਾਮਲੇ ਵਿਚ ਜਾਂਚ ਕਰਨ ਆਈ ਪੰਜਾਬ ਪੁਲਿਸ ਦੀ ਐਸਆਈਟੀ 3 ਘੰਟੇ ਦੀ ਠਹਿਰ ਤੋਂ ਬਾਅਦ ਡੇਰੇ ਦੀ ਚੇਅਰਪਰਸਨ ਵਿਪਾਸਨਾ ਅਤੇ ਵਾਇਸ ਚੈਰਪਰਸਨ ਡਾ: ਪੀ.ਆਰ. ਨੈਨ ਦੇ ਡੇਰੇ ਵਿਚੋਂ ਗ਼ਾਇਬ ਮਿਲਣ ’ਤੇ ਬਰੰਗ ਚਿੱਠੀ ਵਾਂਗ ਪੰਜਾਬ ਵਾਪਸ ਮੁੜ ਗਈ।
ਸਿਰਸਾ ਦੇ ਐਸ.ਪੀ. ਅਰਪਿਤ ਜੈਨ ਅਤੇ ਡੀਐਸਪੀ ਵੀ ਇਸ ਟੀਮ ਦੇ ਨਾਲ ਸਨ। ਧਿਆਨ ਰਹੇ ਕਿ ਪੰਜਾਬ ਪੁਲਿਸ ਦੀ ਐਸਆਈਟੀ ਵਲੋਂ ਵਿਪਾਸਨਾ ਅਤੇ ਨੈਨ ਤਿੰਨ ਨੋਟਿਸ ਦੇਣ ਦੇ ਬਾਵਜੂਦ ਜਾਂਚ ਵਿਚ ਸ਼ਾਮਲ ਨਹੀ ਹੋਏ। ਬੇਅਦਬੀ ਮਾਮਲੇ ਵਿਚ ਪੁੱਛ-ਗਿਛ ਕਰਨ ਲਈ ਐਸਆਈਟੀ ਨੂੰ ਡੇਰਾ ਪ੍ਰਬੰਧਕ ਕਮੇਟੀ ਮੈਂਬਰ ਵਿਪਾਸਨਾ ਅਤੇ ਪੀ.ਆਰ. ਨੈਨ ਜਦੋਂ ਨਹੀ ਮਿਲੇ ਤਾਂ ਸਿੱਟ ਨੇ ਉਹ ਜਗ੍ਹਾ ਵੀ ਵੇਖੀ ਜਿਥੇ ਦੋਸ਼ੀ ਰਹਿੰਦੇ ਹਨ।
ਸੂਤਰ ਦਸਦੇ ਹਨ ਕਿ ਵਿਪਾਸਨਾਂ ਅਤੇ ਨੈਨ ਨੇ ਬਿਮਾਰੀ ਦਾ ਬਹਾਨਾਂ ਲਾ ਕੇ ਐਸਆਈਟੀ ਕੋਲ ਮੈਡੀਕਲ ਪੱਤਰ ਭੇਜ ਦਿਤਾ। ਆਈ.ਜੀ. ਸਤਿੰਦਰਪਾਲ ਸਿੰਘ ਪਰਮਾਰ ਨੇ ਜਾਂਚ ਉਪਰੰਤ ਮੀਡੀਆ ਵਿਚ ਕਿਹਾ ਕਿ ਕਿ ਉਹ ਬੇਅਦਬੀ ਦੇ ਮਾਮਲੇ ’ਚ ਜਾਂਚ ਕਰਨ ਲਈ ਡੇਰੇ ਪੁੱਜੇ ਹਨ ਤੇ ਡੇਰਾ ਪ੍ਰਬੰਧਕ ਕਮੇਟੀ ਮੈਂਬਰ ਵਿਪਾਸਨਾ ਤੇ ਪੀ.ਆਰ. ਨੈਨ ਪੰਜਾਬ ਪੁਲਿਸ ਨੂੰ ਲੋੜੀਂਦੇ ਹਨ ਜੋ ਨਹੀ ਮਿਲੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡੇਰੇ ਦੇ ਪ੍ਰਬੰਧਕਾਂ ਵਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਅਗਲੇ ਕੁਝ ਦਿਨਾਂ ਵਿਚ ਦੋਵਾਂ ਨੂੰ ਜਾਂਚ ’ਚ ਸ਼ਾਮਲ ਕਰਵਾ ਦੇਣਗੇ। ਦੂਜੇ ਪਾਸੇ ਡੇਰੇ ’ਚ ਐਸ.ਆਈ.ਟੀ. ਦੇ ਆਉਣ ਸਬੰਧੀ ਡੇਰਾ ਪ੍ਰਬੰਧਕਾਂ ਨੇ ਰਸਮੀ ਉਤਰ ਦੇਣ ਤੋਂ ਬਾਅਦ ਚੁੱਪ ਵੱਟੀ ਰੱਖੀ ਪਰ ਡੇਰੇ ਦੇ ਵਕੀਲ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦਸਦਿਆਂ ਪੰਜਾਬ ਚੋਣਾਂ ਦੌਰਾਨ ਦਬਾਅ ਬਣਾਉਣ ਦੇ ਇਲਜ਼ਾਮ ਲਾਏ।