ਤਮਿਲਨਾਡੂ ਹੈਲੀਕਾਪਟਰ ਹਾਦਸੇ 'ਚ ਇਕੱਲੇ ਜ਼ਿੰਦਾ ਬਚੇ ਗਰੁੱਪ ਕੈਪਟਨ ਵਰੁਣ ਸਿੰਘ
ਅਗਸਤ 'ਚ ਮਿਲਿਆ ਸੀ ਸ਼ੌਰਿਆ ਚੱਕਰ
ਨਵੀਂ ਦਿੱਲੀ— ਤਾਮਿਲਨਾਡੂ 'ਚ ਬੁੱਧਵਾਰ ਨੂੰ ਹੋਏ ਹੈਲੀਕਾਪਟਰ ਹਾਦਸੇ 'ਚ ਸਵਾਰ 14 ਲੋਕਾਂ 'ਚੋਂ 13 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ 'ਚ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਹੋਰ ਲੋਕਾਂ ਦੀ ਮੌਤ ਹੋ ਗਈ ਹੈ।
ਭਾਰਤੀ ਹਵਾਈ ਸੈਨਾ ਦੇ ਇਸ ਹੈਲੀਕਾਪਟਰ ਹਾਦਸੇ ਵਿੱਚ ਸਿਰਫ਼ ਗਰੁੱਪ ਕੈਪਟਨ ਵਰੁਣ ਸਿੰਘ ਹੀ ਬਚ ਸਕੇ। ਭਾਰਤੀ ਹਵਾਈ ਸੈਨਾ ਦੇ ਇੱਕ ਟਵੀਟ ਵਿੱਚ ਕਿਹਾ ਗਿਆ ਹੈ, “ਬਹੁਤ ਅਫ਼ਸੋਸ ਨਾਲ ਹੈ ਕਿ ਇਸ ਹਾਦਸੇ ਵਿੱਚ ਹੈਲੀਕਾਪਟਰ ਵਿੱਚ ਸਵਾਰ ਜਨਰਲ ਬਿਪਿਨ ਰਾਵਤ, ਸ੍ਰੀਮਤੀ ਮਧੁਲਿਕਾ ਰਾਵਤ ਅਤੇ 11 ਹੋਰਾਂ ਦੀ ਮੌਤ ਹੋ ਗਈ ਹੈ।
ਇਕ ਹੋਰ ਟਵੀਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਗਰੁੱਪ ਕੈਪਟਨ ਵਰੁਣ ਸਿੰਘ ਇਸ ਸਮੇਂ ਸੱਟ ਕਾਰਨ ਵੈਲਿੰਗਟਨ ਦੇ ਮਿਲਟਰੀ ਹਸਪਤਾਲ ਵਿੱਚ ਇਲਾਜ ਅਧੀਨ ਹਨ। ਗਰੁੱਪ ਕੈਪਟਨ ਵਰੁਣ ਸਿੰਘ ਨੂੰ ਪਿਛਲੇ ਸਾਲ ਫਲਾਈਟ ਵਿੱਚ ਤਕਨੀਕੀ ਖਰਾਬੀ ਤੋਂ ਬਾਅਦ ਜਹਾਜ਼ ਨੂੰ ਹਿੰਮਤ ਨਾਲ ਸੰਭਾਲਣ ਲਈ ਅਗਸਤ ਵਿੱਚ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਆਪਣੇ ਹੁਨਰ ਦਾ ਮੁਜ਼ਾਹਰਾ ਕਰਦਿਆਂ ਉਸ ਨੇ ਤੇਜਸ ਲੜਾਕੂ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾ ਦਿੱਤਾ। ਬੁੱਧਵਾਰ ਨੂੰ ਕਰੈਸ਼ ਹੋਣ ਵਾਲੇ Mi-ਸੀਰੀਜ਼ ਦੇ ਹੈਲੀਕਾਪਟਰ ਨੇ ਸੁਲੂਰ ਆਰਮੀ ਬੇਸ ਤੋਂ ਉਡਾਣ ਭਰੀ। ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ, ਇਹ ਤਾਮਿਲਨਾਡੂ ਦੇ ਨੀਲਗਿਰੀਸ ਜ਼ਿਲ੍ਹੇ ਵਿੱਚ ਹਾਦਸਾਗ੍ਰਸਤ ਹੋ ਗਿਆ।