ਧੀ ਦਾ ਵਿਆਹ ਛੱਡ ਕੇ ਮੋਰਚੇ ਨਾਲ ਡਟੀ ਸ਼ਹੀਦ ਕਿਸਾਨ ਦੀ ਪਤਨੀ ਨੇ ਸਰਕਾਰ ਨੂੰ ਦਿਤੀ ਚਿਤਾਵਨੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਸੀਂ ਫਸਲ ਦਾ ਘੱਟ ਤੋਂ ਘੱਟ ਗਰੰਟੀ ਮੁੱਲ (MSP) ਲਿਖ਼ਤੀ ਰੂਪ 'ਚ ਲੈ ਕੇ ਹੀ ਰਹਾਂਗੇ।

Kisan Bibi

“ਆਪਣੇ ਬੱਚਿਆਂ ਦੀ ਕੁਰਬਾਨੀ ਵੀ ਦੇਣੀ ਪਵੇ ਤਾਂ ਦੇਵਾਂਗੀ”

ਨਵੀਂ ਦਿੱਲੀ : ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਅਜੇ ਵੀ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਭਾਵੇਂ ਕਿ ਕੇਂਦਰ ਸਰਕਾਰ ਨੇ ਇਹ ਖੇਤੀ ਕਾਨੂੰਨ ਵਾਪਸ ਲੈਣ ਦਾ ਫੈਸਲਾ ਕਰ ਲਿਆ ਹੈ ਪਰ ਅਜੇ ਵੀ ਕਿਸਾਨਾਂ ਦੀ ਮੰਗ ਹੈ ਕਿ ਜਦੋਂ ਤੱਕ MSP ਸਣ੍ਹੇ ਉਨ੍ਹਾਂ ਦੀਆਂ ਬਾਕੀ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਇਹ ਸੰਘਰਸ਼ ਇਵੇਂ ਹੀ ਜਾਰੀ ਰਹੇਗਾ।

ਇਸ ਦੇ ਚਲਦਿਆਂ ਹੀ ਦਿੱਲੀ ਵਿਖੇ ਚਲ ਰਹੇ ਸੰਘਰਸ਼ ਵਿਚ ਹਰ ਵਰਗ ਦੇ ਲੋਕਾਂ ਵਲੋਂ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਅੱਜ ਸਟੇਜ ਤੋਂ ਤੋਂ ਇੱਕ ਬੀਬੀ ਨੇ ਬੋਲਦਿਆਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਉਹ ਡਟ ਕੇ ਖੜ੍ਹੇ ਹਨ ਅਤੇ ਇਸ ਲਈ ਜੇਕਰ ਆਪਣੇ ਬੱਚਿਆਂ ਦੀ ਕੁਰਬਾਨੀ ਵੀ ਦੇਣੀ ਪਵੇਗੀ ਤਾਂ ਉਹ ਗੁਰੇਜ਼ ਨਹੀਂ ਕਰਨਗੇ। 

ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚਾ ਇੱਕ ਸੀ ਅਤੇ ਇੱਕ ਹੀ ਰਹੇਗਾ ਅਸੀਂ SKM ਦੇ ਝੰਡੇ ਹੇਠ ਹੀ ਆਪਣੀਆਂ ਸਾਰੀਆਂ ਮੰਗ ਪੂਰੀਆਂ ਕਰਵਾ ਕੇ ਇਥੋਂ ਜਾਵਾਂਗੇ।ਉਨ੍ਹਾਂ ਕਿਹਾ ਕਿ ਜੇਕਰ ਇਸ ਬਾਬਤ ਕਿਸੇ ਨੂੰ ਵੀ ਕੋਈ ਸ਼ੱਕ ਹੈ ਤਾਂ ਉਹ ਆਪਣੇ ਦਿਲ ਅਤੇ ਦਿਮਾਗ਼ ਵਿਚੋਂ ਕੱਢ ਦੇਣ। ਦੱਸ ਦੇਈਏ ਕਿ ਸੰਘਰਸ਼ ਦੌਰਾਨ ਹੀ ਉਨ੍ਹਾਂ ਦੇ ਪਤੀ ਵੀ ਸ਼ਹੀਦ ਹੋ ਗਏ ਹਨ।

ਬੀਬੀ ਨੇ ਅੱਗੇ ਬੋਲਦਿਆਂ ਕਿਹਾ ਕਿ ਇਹ ਸੰਘਰਸ਼ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਚਲ ਰਿਹਾ ਹੈ ਜੋ ਪੰਜਾਬ  ਨੇ ਸ਼ੁਰੂ ਕੀਤਾ ਸੀ ਅਤੇ ਹਰਿਆਣਾ ਨੇ ਇਸ ਵਿਚ ਪੂਰਾ ਸਾਥ ਦਿੱਤਾ ਹੈ ਅਤੇ ਅੱਗੇ ਵੀ ਦਿੰਦਾ ਰਹੇਗਾ। ਉਨ੍ਹਾਂ ਪੂਰੇ ਜੋਸ਼ ਵਿਚ ਕਿਹਾ ਕਿ ਮੈਂ ਇੱਕ ਸ਼ਹੀਦ ਦੀ ਪਤਨੀ ਹਾਂ ਅਤੇ ਇਸ ਸੰਘਰਸ਼ ਵਿਚ ਜੇਕਰ ਮੇਰੇ ਬੱਚਿਆਂ ਨੂੰ ਵੀ ਕੁਰਬਾਨੀ ਦੇਣੀ ਪਵੇਗੀ ਤਾਂ ਪਿੱਛੇ ਨਹੀਂ ਹਟਣਗੇ।

ਸਰਕਾਰ ਨੂੰ ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਫਸਲ ਦਾ ਘੱਟ ਤੋਂ ਘੱਟ ਗਰੰਟੀ ਮੁੱਲ (MSP) ਲਿਖ਼ਤੀ ਰੂਪ 'ਚ ਲੈ ਕੇ ਹੀ ਰਹਾਂਗੇ। ਉਨ੍ਹਾਂ ਦੱਸਿਆ ਕਿ 12 ਤਰੀਕ ਨੂੰ ਉਨ੍ਹਾਂ ਦੀ ਲੜਕੀ ਦਾ ਵਿਆਹ ਹੈ ਪਰ ਉਹ ਘਰ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚਾ ਮੇਰੀ ਬੱਚੀ ਨੂੰ ਵਿਦਾ ਕਰ ਕੇ ਆਵੇਗਾ ਅਤੇ ਮੈਂ MSP ਦੀ ਗਰੰਟੀ ਮਿਲਣ ਤੱਕ ਇਥੇ ਮੋਰਚੇ ਵਿਚ ਹੀ ਡਟੀ ਰਹਾਂਗੀ।