ਗੁਜਰਾਤ ਵਿਚ BJP ਨੇ 156 ਸੀਟਾਂ ਜਿੱਤ ਕੇ ਬਣਾਇਆ ਨਵਾਂ ਰਿਕਾਰਡ, ਮੋਰਬੀ ਤੋਂ ਵੀ ਭਾਜਪਾ ਉਮੀਦਵਾਰ ਜਿੱਤਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਐਮ ਭੂਪੇਂਦਰ ਪਟੇਲ 12 ਦਸੰਬਰ ਨੂੰ ਗਾਂਧੀਨਗਰ ਵਿੱਚ ਵਿਧਾਨ ਸਭਾ ਦੇ ਪਿੱਛੇ ਹੈਲੀਪੈਡ ਮੈਦਾਨ ਵਿੱਚ ਸਹੁੰ ਚੁੱਕਣਗੇ।

In Gujarat, BJP created a new record by winning 156 seats

 

ਗੁਜਰਾਤ - ਗੁਜਰਾਤ ਵਿੱਚ ਭਾਜਪਾ ਨੇ 156 ਸੀਟਾਂ ਨਾਲ ਜਿੱਤ ਦਾ ਨਵਾਂ ਰਿਕਾਰਡ ਬਣਾਇਆ ਹੈ। ਕਾਂਗਰਸ ਨੇ 1985 ਵਿਚ ਮਾਧਵ ਸਿੰਘ ਸੋਲੰਕੀ ਦੀ ਅਗਵਾਈ ਵਿੱਚ 149 ਵਿਧਾਨ ਸਭਾ ਸੀਟਾਂ ਜਿੱਤੀਆਂ ਸਨ। ਇਸ ਦੇ ਨਾਲ ਹੀ 2002 ਦੀਆਂ ਚੋਣਾਂ ਵਿਚ ਭਾਜਪਾ ਨੇ 127 ਸੀਟਾਂ ਜਿੱਤੀਆਂ ਸਨ ਜਦੋਂ ਨਰਿੰਦਰ ਮੋਦੀ ਮੁੱਖ ਮੰਤਰੀ ਸਨ। ਪਰ ਇਸ ਵਾਰ ਜਿੱਤ ਨਾਲ ਭਾਜਪਾ ਨੇ ਦੋਵੇਂ ਰਿਕਾਰਡ ਤੋੜ ਦਿੱਤੇ ਹਨ। ਸੀਐਮ ਭੂਪੇਂਦਰ ਪਟੇਲ 12 ਦਸੰਬਰ ਨੂੰ ਗਾਂਧੀਨਗਰ ਵਿੱਚ ਵਿਧਾਨ ਸਭਾ ਦੇ ਪਿੱਛੇ ਹੈਲੀਪੈਡ ਮੈਦਾਨ ਵਿੱਚ ਸਹੁੰ ਚੁੱਕਣਗੇ।

ਗੁਜਰਾਤ 'ਚ ਭਾਜਪਾ ਨੇ ਬੇਸ਼ੱਕ ਝੰਡਾ ਲਹਿਰਾਇਆ ਹੈ ਪਰ ਮੋਰਬੀ ਦੀ ਜਿੱਤ ਪਾਰਟੀ ਲਈ ਖ਼ਾਸ ਹੈ। ਮੋਰਬੀ ਵਿੱਚ ਪਹਿਲੇ ਪੜਾਅ ਵਿਚ 1 ਦਸੰਬਰ ਨੂੰ ਵੋਟਿੰਗ ਹੋਈ ਸੀ। ਚੋਣਾਂ ਤੋਂ ਸਿਰਫ਼ 31 ਦਿਨ ਪਹਿਲਾਂ 30 ਅਕਤੂਬਰ ਨੂੰ ਇੱਥੇ ਮੱਛੂ ਨਦੀ 'ਤੇ ਬਣੇ ਫੁੱਟ ਪੁਲ ਦੇ ਡਿੱਗਣ ਕਾਰਨ 143 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਤੋਂ ਬਾਅਦ ਪੀਐਮ ਮੋਦੀ ਵੀ ਹਾਦਸੇ ਵਾਲੀ ਥਾਂ 'ਤੇ ਗਏ ਸਨ। 

ਮੋਰਬੀ ਤੋਂ ਭਾਜਪਾ ਦੇ ਕਾਂਤੀ ਲਾਲ ਅੰਮ੍ਰਿਤੀਆ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਕਾਂਗਰਸ ਦੀ ਜੈਯੰਤੀ ਜੇਰਾਜਭਾਈ ਪਟੇਲ ਨੂੰ 61,196 ਵੋਟਾਂ ਨਾਲ ਹਰਾਇਆ। ਮੋਰਬੀ ਵਿਚ ਪੁਲ ਡਿੱਗਣ ਤੋਂ ਤੁਰੰਤ ਬਾਅਦ ਅੰਮ੍ਰਿਤੀਆ ਨੇ ਲੋਕਾਂ ਨੂੰ ਬਚਾਉਣ ਲਈ ਨਦੀ ਵਿਚ ਛਾਲ ਮਾਰ ਦਿੱਤੀ ਸੀ। ਹੁਣ ਭਾਜਪਾ ਸਮਰਥਕ ਜਿੱਤ ਦਾ ਜਸ਼ਨ ਮਨਾ ਰਹੇ ਹਨ। 

ਭਾਜਪਾ ਨੇ ਗੁਜਰਾਤ ਦੀਆਂ 182 ਵਿਧਾਨ ਸਭਾ ਸੀਟਾਂ ਵਿਚੋਂ 156 ਸੀਟਾਂ ਜਿੱਤੀਆਂ ਹਨ। ਇਸ ਨੂੰ 2017 ਦੇ ਮੁਕਾਬਲੇ 58 ਸੀਟਾਂ ਦਾ ਫਾਇਦਾ ਹੋਇਆ ਹੈ। ਇਸ ਦੇ ਨਾਲ ਹੀ ਕਾਂਗਰਸ ਨੂੰ ਸਭ ਤੋਂ ਵੱਧ 60 ਸੀਟਾਂ ਦਾ ਨੁਕਸਾਨ ਹੋਇਆ ਹੈ। ਪਾਰਟੀ ਨੇ ਪਿਛਲੀ ਵਾਰ 77 ਸੀਟਾਂ ਜਿੱਤੀਆਂ ਸਨ। ਇਸ ਵਾਰ ਉਸ ਨੂੰ ਸਿਰਫ਼ 17 ਸੀਟਾਂ ਮਿਲੀਆਂ ਹਨ।

ਗੁਜਰਾਤ ਵਿਚ ਆਜ਼ਾਦ ਅਤੇ ਹੋਰ ਉਮੀਦਵਾਰਾਂ ਨੇ 4 ਸੀਟਾਂ ਜਿੱਤੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਚੋਣ ਪ੍ਰਚਾਰ ਦੌਰਾਨ ਪੀਐਮ ਮੋਦੀ ਨੇ ਕਿਹਾ ਸੀ-ਨਰਿੰਦਰ ਦਾ ਰਿਕਾਰਡ ਭੁਪਿੰਦਰ ਤੋੜਣਗੇ। ਇਹੋ ਗੱਲ ਚੋਣ ਨਤੀਜਿਆਂ ਵਿਚ ਨਜ਼ਰ ਆਈ। ਗੁਜਰਾਤ ਭਾਜਪਾ ਦੇ ਮੁਖੀ ਸੀਆਰ ਪਾਟਿਲ ਨੇ ਦੱਸਿਆ ਕਿ ਗੁਜਰਾਤ ਦੇ ਨਵੇਂ ਮੁੱਖ ਮੰਤਰੀ 12 ਦਸੰਬਰ ਨੂੰ ਦੁਪਹਿਰ 2 ਵਜੇ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹੋਣਗੇ।

ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਕਿਹਾ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਫਤਵਾ ਹੁਣ ਸਪੱਸ਼ਟ ਹੈ, ਇੱਥੋਂ ਦੇ ਲੋਕਾਂ ਨੇ ਦੋ ਦਹਾਕਿਆਂ ਤੋਂ ਚੱਲ ਰਹੀ ਗੁਜਰਾਤ ਦੀ ਵਿਕਾਸ ਯਾਤਰਾ ਨੂੰ ਜਾਰੀ ਰੱਖਣ ਦਾ ਮਨ ਬਣਾ ਲਿਆ ਹੈ। ਇੱਥੋਂ ਦੇ ਲੋਕਾਂ ਨੇ ਇੱਕ ਵਾਰ ਫਿਰ ਭਾਜਪਾ ਵਿੱਚ ਅਟੁੱਟ ਵਿਸ਼ਵਾਸ ਦਿਖਾਇਆ ਹੈ।
ਗੁਜਰਾਤ ਵਿਚ ਆਮ ਆਦਮੀ ਪਾਰਟੀ ਸਿਰਫ਼ 5 ਸੀਟਾਂ ਹੀ ਜਿੱਤ ਸਕੀ। ਇਸ ਦੇ ਤਿੰਨੋਂ ਵੱਡੇ ਆਗੂ ਚੋਣਾਂ ਹਾਰ ਗਏ ਹਨ। ਇਨ੍ਹਾਂ 'ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਇਸੂਦਨ ਗਾਧਵੀ, ਸੂਬਾ ਪ੍ਰਧਾਨ ਗੋਪਾਲ ਇਟਾਲੀਆ ਅਤੇ ਪਾਟੀਦਾਰ ਨੇਤਾ ਅਲਪੇਸ਼ ਕਥੀਰੀਆ ਸ਼ਾਮਲ ਹਨ।

ਇਸ ਦੇ ਬਾਵਜੂਦ ਵੋਟ ਸ਼ੇਅਰ ਦੇ ਆਧਾਰ 'ਤੇ 'ਆਪ' ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਗਿਆ ਹੈ। ਹੁਣ ਪਾਰਟੀ ਦੇਸ਼ ਭਰ ਵਿਚ ਆਪਣੇ ਨਾਮ ਅਤੇ ਚੋਣ ਨਿਸ਼ਾਨ ਨਾਲ ਚੋਣ ਲੜ ਸਕੇਗੀ। ਅਸਦੁਦੀਨ ਓਵੈਸੀ ਦੀ ਪਾਰਟੀ AIMIM ਨੇ ਪਹਿਲੀ ਵਾਰ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਹਿੱਸਾ ਲਿਆ। AIMIM ਨੇ ਵੀ ਕੁੱਲ 13 ਵਿੱਚੋਂ ਦੋ ਹਿੰਦੂ ਉਮੀਦਵਾਰ ਖੜ੍ਹੇ ਕੀਤੇ ਹਨ। ਪਾਰਟੀ ਦੇ ਸਾਰੇ ਉਮੀਦਵਾਰ ਚੋਣ ਹਾਰ ਗਏ ਹਨ। ਭਾਜਪਾ ਦੇ ਬਾਗੀ ਮਧੂ ਸ਼੍ਰੀਵਾਸਤਵ ਵੀ ਵਡੋਦਰਾ ਦੀ ਵਾਘੋਡੀਆ ਸੀਟ ਤੋਂ ਚੋਣ ਹਾਰ ਗਏ ਹਨ। ਕੁਟੀਆਣਾ ਵਿਚ ਲੇਡੀ ਡੌਨ ਸੰਤੋਖਬੇਨ ਜਡੇਜਾ ਦੇ ਪੁੱਤਰ ਕੰਧਾਲ ਜਡੇਜਾ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਹੈ।