ਭਾਰਤ ਜਲਦ ਹੀ ਅਜਿਹੀ ਲੂ ਦਾ ਸਾਹਮਣਾ ਕਰੇਗਾ, ਜੋ ਇਨਸਾਨ ਦੇ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੋਵੇਗੀ : ਵਿਸ਼ਵ ਬੈਂਕ ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਿਆਨਕ ਗਰਮ ਹਵਾਵਾਂ ਦਾ ਸਾਹਮਣਾ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣੇਗਾ ਭਾਰਤ

India will soon face such a flood, which will be beyond the limits of human tolerance: World Bank Report

 

ਤਿਰੂਵੰਤਰਮਪੁਰਮ: ਭਾਰਤ ਵਿਚ ਪਿਛਲੇ ਕੁਝ ਦਹਾਕਿਆਂ ਵਿਚ ਹਜ਼ਾਰਾਂ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਲੂ ਦਾ ਪ੍ਰਕੋਪ ਚਿੰਤਾਜਨਕ ਗਤੀ ਨਾਲ ਵੱਧ ਰਿਹਾ ਹੈ ਅਤੇ ਉਹ (ਭਾਰਤ) ਜਲਦ ਅਜਿਹੀਆਂ ਭਿਆਨਕ ਗਰਮ ਹਵਾਵਾਂ ਦਾ ਸਾਹਮਣਾ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਹੋਵੇਗਾ, ਜੋ ਇਨਸਾਨ ਦੇ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੋਵੇਗਾ। ਇਕ ਨਵੀਂ ਰਿਪੋਰਟ ਵਿਚ ਇਹ ਚਿਤਾਵਨੀ ਦਿਤੀ ਗਈ ਹੈ। 

ਵਿਸ਼ਵ ਬੈਂਕ ਦੀ ‘ਭਾਰਤ ਵਿਚ ਠੰਢੇ ਖੇਤਰ ਵਿਚ ਜਲਵਾਯੂ ਨਿਵੇਸ਼ ਦੇ ਮੌਕੇ’ ਸਿਰਲੇਖ ਵਾਲੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ ਅੰਦਾਜ਼ੇ ਤੋਂ ਵੱਧ ਗਰਮੀ ਦਾ ਸਾਹਮਣਾ ਕਰ ਰਿਹਾ ਹੈ, ਜੋ ਜਲਦ ਸ਼ੁਰੂ ਹੋ ਜਾਂਦੀ ਹੈ ਅਤੇ ਕਿਤੇ ਜ਼ਿਆਦਾ ਸਮੇਂ ਤਕ ਟਿਕਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ,‘‘ਅਪ੍ਰੈਲ 2022 ਵਿਚ ਭਾਰਤ ਸਮੇਂ ਤੋਂ ਪਹਿਲਾਂ ਲੂੰ ਦੀ ਲਪੇਟ ਵਿਚ ਆ ਗਿਆ ਸੀ, ਜਿਸ ਨਾਲ ਆਮ ਜਨਜੀਵਨ ਰੁਕ ਜਿਹਾ ਗਿਆ ਸੀ ਅਤੇ ਰਾਜਧਾਨੀ ਨਵੀਂ ਦਿੱਲੀ ਵਿਚ ਤਾਂ ਤਾਪਮਾਨ 46 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਸੀ। ਮਾਰਚ ਦਾ ਮਹੀਨਾ ਤਾਪਮਾਨ ਵਿਚ ਲੋੜੋਂ ਵੱਧ ਵਾਧੇ ਦਾ ਗਵਾਹ ਬਣਿਆ ਸੀ ਅਤੇ ਇਹ ਇਤਿਹਾਸ ਦਾ ਸੱਭ ਤੋਂ ਗਰਮ ਮਾਰਚ ਮਹੀਨਾ ਬਣ ਕੇ ਉਭਰਿਆ ਸੀ।’’

ਇਹ ਰਿਪੋਰਟ ਤਿਰੂਵੰਤਰਮਪੁਰਮ ਵਿਚ ਕੇਰਲ ਸਰਕਾਰ ਨਾਲ ਭਾਈਵਾਲ ਵਿਸ਼ਵ ਬੈਂਕ ਵਲੋਂ ਕਰਵਾਈ ਦੋ ਦਿਨਾ ‘ਭਾਰਤ ਜਲਵਾਯੂ ਅਤੇ ਵਿਕਾਸ ਭਾਈਵਾਲੀ’ ਦੀ ਬੈਠਕ ਵਿਚ ਜਾਰੀ ਕੀਤੀ ਜਾਵੇਗੀ। ਰਿਪੋਰਟ ਵਿਚ ਖ਼ਦਸ਼ਾ ਪ੍ਰਗਟਾਇਆ ਗਿਆ ਹੈ ਕਿ ਭਾਰਤ ਵਿਚ 

ਜਲਦ ਹੀ ਲੂ ਦੀ ਤੀਬਰਤਾ ਉਸ ਹੱਦ ਨੂੰ ਪਾਰ ਕਰ ਜਾਵੇਗੀ, ਜੋ ਇਨਸਾਨ ਦੇ ਬਰਦਾਸ਼ਤ ਕਰਨਯੋਗ ਹੈ। ਇਸ ਵਿਚ ਕਿਹਾ ਗਿਆ ਹੈ,‘‘ਅਗੱਸਤ 2021 ਵਿਚ ਜਲਵਾਯੂ ਤਬਦੀਲੀ ’ਤੇ ਅੰਤਰ ਸਰਕਾਰੀ ਪੈਨਲ (ਆਈਪੀਸੀਸੀ) ਦੀ ਛੇਵੀਂ ਸਮੀਖਿਆ ਰਿਪੋਰਟ ਵਿਚ ਚਿਤਾਵਨੀ ਦਿਤੀ ਗਈ ਸੀ ਕਿ ਭਾਰਤੀ ਉਪ-ਮਹਾਂਦੀਪ ਵਿਚ ਆਉਣ ਵਾਲੇ ਦਹਾਕਿਆਂ ਵਿਚ ਭਿਆਨਕ ਲੂੰ ਚੱਲਣ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਣਗੇ।’’

ਰਿਪੋਰਟ ਮੁਤਾਬਕ,‘‘ਜੀ-20 ਕਲਾਈਮੇਟ ਰਿਸਕ ਐਟਲਸ ਨੇ ਵੀ 2021 ਵਿਚ ਚਿਤਾਵਨੀ ਦਿਤੀ ਸੀ ਕਿ ਜੇਕਰ ਕਾਰਬਨ ਦਾ ਪੱਧਰ ਜ਼ਿਆਦਾ ਰਹਿੰਦਾ ਹੈ ਤਾਂ ਪੂਰੇ ਭਾਰਤ ਵਿਚ 2036 ਤੋਂ 2065 ਵਿਚਾਲੇ ਲੂੰ 25 ਗੁਣਾ ਜ਼ਿਆਦਾ ਸਮੇਂ ਤਕ ਚੱਲਣ ਦਾ ਖ਼ਦਸ਼ਾ ਹੈ। ਇਹ ਅੰਦਾਜ਼ਾ ਆਈਪੀਸੀਸੀ ਦੇ ਸੱਭ ਤੋਂ ਖ਼ਰਾਬ ਨਿਕਾਸ ਦੇ ਮੱਦੇਨਜ਼ਰ ਕੀਤਾ ਗਿਆ ਸੀ।’’

ਰਿਪੋਰਟ ਵਿਚ ਚਿਤਾਵਨੀ ਦਿਤੀ ਗਈ ਹੈ ਕਿ ਭਾਰਤ ਵਿਚ ਵਧਦੀ ਗਰਮੀ ਆਰਥਕ ਉਤਪਾਦਕਤਾ ਵਿਚ ਕਮੀ ਲਿਆ ਸਕਦਾ ਹੈ। ਇਸ ਵਿਚ ਕਿਹਾ ਗਿਆ ਹੈ,‘‘ਭਾਰਤ ਦਾ 75 ਫ਼ੀ ਸਦੀ ਕਾਰਜਬਲ ਭਾਵ ਕਰੀਬ 38 ਕਰੋੜ ਲੋਕ, ਅਜਿਹੇ ਖੇਤਰ ਵਿਚ ਕੰਮ ਕਰਦੇ ਹਨ, ਜਿਨ੍ਹਾਂ ਵਿਚ ਉਨ੍ਹਾਂ ਨੂੰ ਗਰਮ ਵਾਤਾਵਰਣ ਵਿਚ ਰਹਿਣਾ ਪੈਂਦਾ ਹੈ। ਕਈ ਵਾਰ ਉਨ੍ਹਾਂ ਨੂੰ ਜਿਉਣ ਲਈ ਸੰਭਾਵਤ ਰੂਪ ਨਾਲ ਖ਼ਤਰਨਾਕ ਤਾਪਮਾਨ ਵਿਚ ਕੰਮ ਕਰਨਾ ਪੈਂਦਾ ਹੈ। 2030 ਤਕ ਗਰਮੀ ਦੇ ਤਣਾਅ ਕਾਰਨ ਆਲਮੀ ਪੱਧਰ ’ਤੇ ਜੋ 8 ਕਰੋੜ ਨੌਕਰੀਆਂ ਜਾਣ ਦਾ ਅੰਦਾਜ਼ਾ ਹੈ, ਉਨ੍ਹਾਂ ਵਿਚੋਂ 3.4 ਕਰੋੜ ਨੌਕਰੀਆਂ ਭਾਰਤ ਵਿਚ ਜਾਣਗੀਆਂ।’’