Lok Sabha ਵਿਚ ਵੰਦੇ ਮਾਤਰਮ ’ਤੇ ਛਿੜੀ ਬਹਿਸ
150 ਸਾਲ ਪਹਿਲਾਂ ਲਿਖਿਆ ਗਿਆ ਸੀ ਗੀਤ, ਆਜ਼ਾਦੀ ਦੇ ਕਈ ਅੰਦੋਲਨਾਂ ’ਚ ਭਰਿਆ ਸੀ ਜੋਸ਼
ਨਵੀਂ ਦਿੱਲੀ/ਸ਼ਾਹ : ਭਾਰਤ ਦੇ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ’ਤੇ ਲੋਕਸਭਾ ਵਿਚ 10 ਘੰਟੇ ਦੀ ਵਿਸ਼ੇਸ਼ ਚਰਚਾ ਸ਼ੁਰੂ ਹੋ ਗਈ ਐ, ਜਿਸ ਨੂੰ ਲੈ ਕੇ ਕਈ ਦਿਨਾਂ ਤੋਂ ਸਿਆਸੀ ਮਾਹੌਲ ਗਰਮਾਇਆ ਹੋਇਆ ਸੀ। ਭਾਜਪਾ ਨੇ ਆਖਿਆ ਕਿ ਇਹ ਚਰਚਾ ਇਕ ਵਾਰ ਫਿਰ ਸਾਬਕਾ ਪੀਐਮ ਜਵਾਹਰ ਲਾਲ ਨਹਿਰੂ ਨੂੰ ਬੇਪਰਦਾ ਕਰ ਦੇਵੇਗੀ। ਪੀਐਮ ਮੋਦੀ ਨੇ ਪਿਛਲੇ ਮਹੀਨੇ ਆਖਿਆ ਸੀ ਕਿ ਕਾਂਗਰਸ ਨੇ ਵੰਦੇ ਮਾਤਰਮ ਦੇ ਟੁਕੜੇ ਕਰ ਦਿੱਤੇ ਸੀ, ਉਸੇ ਨੇ ਭਾਰਤ-ਪਾਕਿ ਵੰਡ ਦੀ ਬੀਜ ਬੀਜੇ। ਲੋਕ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਇਸ ਚਰਚਾ ਦੀ ਸ਼ੁਰੂਆਤ ਕੀਤੀ। ਵੰਦੇ ਮਾਤਰਮ ਦੇ ਇਤਿਹਾਸ ਵਿਚ ਬਹੁਤ ਕੁੱਝ ਛੁਪਿਆ ਹੋਇਐ। ਸੋ ਆਓ ਤੁਹਾਨੂੰ ਦੱਸਦੇ ਆਂ, ਵੰਦੇ ਮਾਤਰਮ ਦੇ 150 ਸਾਲ ਦੀ ਪੂਰੀ ਕਹਾਣੀ।
ਵੰਦੇ ਮਾਤਰਮ ਨੂੰ ਪ੍ਰਸਿੱਧ ਬੰਗਾਲੀ ਲੇਖਕ ਅਤੇ ਕਵੀ ਬੰਕਿਮ ਚੰਦਰ ਚੈਟਰਜੀ ਵੱਲੋਂ ਲਿਖਿਆ ਗਿਆ ਸੀ। ਉਸ ਸਮੇਂ ਇਸ ਦੀ ਕੋਈ ਖ਼ਾਸ ਚਰਚਾ ਨਹੀਂ ਸੀ। ਕਿਸੇ ਕਵੀ ਦੇ ਲਈ ਇਹ ਕਾਫ਼ੀ ਵਿਚਿੱਤਰ ਰਚਨਾ ਸੀ ਕਿਉਂਕਿ ਵੰਦੇ ਮਾਤਰਮ ਦੇ ਪਹਿਲੇ ਦੋ ਛੰਦ ਸੰਸਕ੍ਰਿਤ ਵਿਚ ਸਨ ਜਦਕਿ ਅਗਲੇ ਚਾਰ ਛੰਦ ਬੰਗਲਾ ਭਾਸ਼ਾ ਵਿਚ ਸਨ। ਇਹ ਗੀਤ 1870 ਦੇ ਉਸ ਦੌਰ ਦੀ ਗੱਲ ਕਰਦਾ ਏ ਜਦੋਂ ਬੰਗਾਲ ਭਿਆਨਕ ਅਕਾਲ ਨਾਲ ਜੂਝ ਰਿਹਾ ਸੀ ਅਤੇ ਉਸ ’ਤੇ ਅੰਗਰੇਜ਼ ਅਤੇ ਮੁਗ਼ਲ ਨਵਾਬ ਆਮ ਲੋਕਾਂ ਦਾ ਸ਼ੋਸਣ ਕਰ ਰਹੇ ਸੀ। ਕਵੀ ਨੇ ਇਸ ਗੀਤ ਵਿਚ ਧਰਤੀ ਨੂੰ ਮਾਂ ਦੇ ਰੂਪ ਵਿਚ ਦੇਖਣ ਦੀ ਕਲਪਨਾ ਕੀਤੀ।
- 7 ਨਵੰਬਰ 1875 ਨੂੰ ਇਸ ਨੂੰ ਪਹਿਲੀ ਵਾਰ ਸਾਤਿਹਕ ਪੱਤ੍ਰਿਕਾ ‘ਬੰਗਦਰਸ਼ਨ’ ’ਚ ਪ੍ਰਕਾਸ਼ਿਤ ਕੀਤਾ ਗਿਆ।
- 1882 ਵਿਚ ਬੰਕਿਮ ਚੰਦਰ ਚੈਟਰਜੀ ਨੇ ਇਸ ਗੀਤ ਨੂੰ ਆਪਣੇ ਹੀ ਨਾਵਲ ‘ਆਨੰਦਮੱਠ’ ਵਿਚ ਸ਼ਾਮਲ ਕੀਤਾ।
- 1896 ਵਿਚ ਰਬਿੰਦਰਨਾਥ ਟੈਗੋਰ ਨੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਇਜਲਾਸ ਵਿਚ ਪਹਿਲੀ ਵਾਰ ਇਸ ਗੀਤ ਨੂੰ ਜਨਤਕ ਤੌਰ ’ਤੇ ਗਾਇਆ।
- 1905 ਵਿਚ ਬੰਗਾਲ ਦੀ ਵੰਡ ਖ਼ਿਲਾਫ਼ ਚੱਲੇ ਸਵਦੇਸ਼ੀ ਅੰਦੋਲਨ ਦੌਰਾਨ ਵੰਦੇ ਮਾਤਰਮ ਦੇ ਨਾਅਰੇ ਸੜਕਾਂ ’ਤੇ ਗੂੰਜਣ ਲੱਗੇ।
- 1916 ਦੇ ਹੋਮ ਰੂਲ ਮੂਵਮੈਂਟ ਦੌਰਾਨ ਜਦੋਂ ਅੰਦੋਲਨ ਤੇਜ਼ ਹੋਇਆ ਤਾਂ ਇਸੇ ਗੀਤ ਨਾਲ ਰੈਲੀਆਂ ਦੀ ਸ਼ੁਰੂਆਤ ਹੋਣ ਲੱਗੀ।
- 1920 ਦੇ ਅਸਹਿਯੋਗ ਅੰਦੋਲਨ ਦੌਰਾਨ ਵੀ ਹਰ ਰੈਲੀ ਅੰਦਰ ਵੰਦੇ ਮਾਤਰਮ ਗੀਤ ਗੂੰਜਿਆ।
- 1930 ਵਿਚ ਨਮਕ ਸੱਤਿਆਗ੍ਰਹਿ ਅਤੇ ਦਾਂਡੀ ਮਾਰਚ ਦੌਰਾਨ ਸੱਤਿਆਗ੍ਰਹਿ ਵਿਚ ਸ਼ਾਮ ਲੋਕਾਂ ਦੇ ਕਦਮਾਂ ਦੀ ਤਾਲ ਇਸੇ ਨਾਅਰੇ ਨਾਲ ਮਿਲਦੀ ਸੀ।
- 1942 ਦੇ ਭਾਰਤ ਛੱਡੋ ਅੰਦੋਲਨ ਦੇ ਸਮੇਂ ਤੱਕ ਇਹ ਗੀਤ ਅੰਗਰੇਜ਼ੀ ਹਕੂਮਤ ਲਈ ਸਭ ਤੋਂ ਖ਼ਤਰਨਾਕ ਸ਼ਬਦਾਂ ਵਿਚ ਬਦਲ ਚੁੱਕਿਆ ਸੀ।
ਸੰਨ 1937 ਵਿਚ ਕਾਂਗਰਸ ਦੇ ਫੈਜ਼ਾਬਾਦ ਵਿਖੇ ਹੋਏ ਇਜਲਾਸ ਵਿਚ ਵੰਦੇ ਮਾਤਰਮ ਨੂੰ ਲੈ ਕੇ ਇਕ ਵੱਡਾ ਫ਼ੈਸਲਾ ਹੋਇਆ। ਪਾਰਟੀ ਨੇ ਵੰਦੇ ਮਾਤਰਮ ਦੇ ਸਿਰਫ਼ ਪਹਿਲੇ ਦੋ ਅੰਤਰਿਆਂ ਨੂੰ ਅਧਿਕਾਰਕ ਤੌਰ ’ਤੇ ਮਾਨਤਾ ਦਿੱਤੀ ਅਤੇ ਬਾਕੀ ਅੰਤਰਿਆਂ ਨੂੰ ਜਨਤਕ ਮੰਚਾਂ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਗਿਆ। ਕਾਰਨ ਇਹ ਦੱਸਿਆ ਗਿਆ ਕਿ ਬਹੁ ਧਾਰਮਿਕ ਸਮਾਜ ਵਿਚ ਸੰਤੁਲਨ ਬਣਾਏ ਰੱਖਣਾ ਬਹੁਤ ਜ਼ਰੂਰੀ ਐ। ਇਹ ਉਹੀ ਫ਼ੈਸਲਾ ਹੈ ਜੋ ਅੱਜ ਤੱਕ ਸਿਆਸੀ ਬਹਿਸ ਦਾ ਮੁੱਦਾ ਬਣਿਆ ਹੋਇਆ ਏ।
ਵੰਦੇ ਮਾਤਰਮ ਸਿਰਫ਼ ਭਾਸ਼ਣਾਂ ਅਤੇ ਜਲੂਸਾਂ ਤੱਕ ਸੀਮਤ ਨਹੀਂ ਰਿਹਾ, ਇਹ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਸਭ ਤੋਂ ਵੱਡੇ ਟਰਨਿੰਗ ਪੁਆਇੰਟਸ ਦਾ ਸਾਥੀ ਬਣਿਆ। ਸੰਨ 1947 ਵਿਚ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਸਿਰਫ਼ ਸੱਤਾ ਹੀ ਨਹੀਂ ਬਦਲੀ ਬਲਕਿ ਦੇਸ਼ ਦੀ ਪਛਾਣ ਘੜਨ ਦਾ ਕੰਮ ਵੀ ਸ਼ੁਰੂ ਹੋਇਆ। ਸਭ ਤੋਂ ਵੱਡਾ ਸਵਾਲ ਸੀ ਕਿ ਆਜ਼ਾਦ ਭਾਰਤ ਦਾ ਰਾਸ਼ਟਰੀ ਗੀਤ ਕੀ ਹੋਵੇਗਾ ਕਿਉਂਕਿ ਗੀਤ ਸਿਰਫ਼ ਗੀਤ ਨਹੀਂ ਹੁੰਦੇ, ਬਲਕਿ ਉਹ ਦੇਸ਼ ਦੀ ਆਤਮਾ ਬਣਦੇ ਨੇ। ਉਸ ਵੇਲੇ ਇਕ ਪਾਸੇ ਸੀ ‘ਵੰਦੇ ਮਾਤਰਮ,, ਜੋ ਦਹਾਕਿਆਂ ਤੋਂ ਆਜ਼ਾਦੀ ਸੰਘਰਸ਼ ਦੀ ਆਵਾਜ਼ ਬਣਿਆ ਹੋਇਆ ਸੀ। ਅੰਦੋਲਨ, ਜੇਲ੍ਹ ਯਾਤਰਾਵਾਂ, ਲਾਠੀਚਾਰਜ, ਫਾਂਸੀ ਦੇ ਫੰਧਿਆਂ ਤੱਕ ਜਾਂਦੇ ਕ੍ਰਾਂਤੀਕਾਰੀ ਇਸ ਨੂੰ ਗਾਉਂਦੇ ਸੀ, ਪਰ ਇਸ ਵਿਚ ਮਾਤਭੂਮੀ ਨੂੰ ਦੇਵੀ ਦੁਰਗਾ ਅਤੇ ਲਕਸ਼ਮੀ ਵਰਗੇ ਰੂਪਾਂ ਵਿਚ ਦਰਸਾਇਆ ਗਿਆ ਸੀ, ਜਿਸ ਤੋਂ ਡਰ ਸੀ ਕਿ ਧਾਰਮਿਕ ਪ੍ਰਤੀਕਾਂ ਕਰਕੇ ਇਕ ਵੱਡਾ ਵਰਗ ਖ਼ੁਦ ਨੂੰ ਅਲੱਗ ਮਹਿਸੂਸ ਕਰ ਸਕਦਾ ਏ।
ਜਦਕਿ ਦੂਜੇ ਪਾਸੇ ਸੀ ‘ਜਨ ਗਨ ਮਨ’,,, ਜਿਸ ਨੂੰ ਰਬਿੰਦਰਨਾਥ ਟੈਗੋਰ ਨੇ ਲਿਖਿਆ ਸੀ। ਇਸ ਦਾ ਸਰੂਪ ਜ਼ਿਆਦਾ ਬਰਾਬਰਤਾ ਵਾਲਾ ਮੰਨਿਆ ਗਿਆ ਕਿਉਂਕਿ ਇਸ ਵਿਚ ਭਾਰਤ ਦੇ ਵੱਖ-ਵੱਖ ਖੇਤਰਾਂ, ਭਾਸ਼ਾਵਾਂ ਅਤੇ ਲੋਕਾਂ ਦਾ ਸਿੱਧਾ ਜ਼ਿਕਰ ਸੀ। ਇਸ ਨੂੰ ਪਹਿਲਾਂ ਵੀ ਕਈ ਮੰਚਾਂ ’ਤੇ ਗਾਇਆ ਜਾ ਚੁੱਕਿਆ ਸੀ ਅਤੇ ਇਸ ਦੀ ਭਾਸ਼ਾ ਨੂੰ ਜ਼ਿਆਦਾ ਸੈਕੁਲਰ ਸਮਝਿਆ ਜਾਂਦਾ ਸੀ। ਆਖ਼ਰਕਾਰ 24 ਜਨਵਰੀ 1950 ਨੂੰ ਸੰਵਿਧਾਨ ਸਭਾ ਨੇ ਫ਼ੈਸਲਾ ਕੀਤਾ ਕਿ ਜਨ ਗਨ ਮਨ ਰਾਸ਼ਟਰ ਗਾਨ ਹੋਵੇਗਾ ਅਤੇ ਵੰਤੇ ਮਾਤਰਮ ਨੂੰ ਰਾਸ਼ਟਰੀ ਗੀਤ ਦਾ ਦਰਜਾ ਮਿਲੇਗਾ। ਇਸ ਦੇ ਨਾਲ ਹੀ ਨਵੀਂ ਬਹਿਸ ਸ਼ੁਰੂ ਹੋਈ ਕਿਉਂਕਿ ਵੰਦੇ ਮਾਤਰਮ ਨੂੰ ਰਾਸ਼ਟਰ ਗਾਨ ਨਹੀਂ ਬਣਾਇਆ ਗਿਆ। ਕੁੱਝ ਸੰਗਠਨਾਂ ਨੇ ਇਸ ਨੂੰ ਇਤਿਹਾਸਕ ਬੇਇਨਸਾਫ਼ੀ ਤੱਕ ਆਖਿਆ।
- 1905 ਵਿਚ ਬੰਗਾਲ ਵੰਡ ਅਤੇ ਪਹਿਲਾ ਵੱਡਾ ਟਕਰਾਅ ਹੋਇਆ। ਵੰਦੇ ਮਾਤਰਮ ਸੜਕਾਂ ’ਤੇ ਗੂੰਜਣ ਲੱਗਿਆ।
- 1923 ਵਿਚ ਕਾਂਗਰਸ ਇਜਲਾਸ ਵਿਚ ਇਤਰਾਜ਼ ਦੀ ਪਹਿਲੀ ਆਵਾਜ਼ ਉਠੀ।
- 1937 ਵਿਚ ਫੈਜ਼ਾਬਾਦ ਕਾਂਗਰਸ ਸ਼ੈਸਨ ਹੋਇਆ ਤੇ ਕੁੱਝ ਲਾਈਨਾਂ ਹਟਾਈਆਂ ਗਈਆਂ।
- 24 ਜਨਵਰੀ 1950 ਨੂੰ ਰਾਸ਼ਟਰੀ ਗੀਤ ਦਾ ਦਰਜਾ ਦੇਣ ਦਾ ਫ਼ੈਸਲਾ ਹੋਇਆ।
- 2006 ਵਿਚ ਕੁੱਝ ਰਾਜਾਂ ਦੇ ਸਕੂਲਾਂ ’ਚ ਲਾਜ਼ਮੀ ਕਰਨ ’ਤੇ ਵਿਵਾਦ ਹੋਇਆ।
- 2014 ਤੋਂ 2020 ਦੇ ਵਿਚਕਾਰ ਵੰਦੇ ਮਾਤਰਮ ਫਿਰ ਤੋਂ ਰਾਜਨੀਤਕ ਬਹਿਸ ਦਾ ਵੱਡਾ ਮੁੱਦਾ ਬਣਿਆ।
- 2024-2025 ’ਚ ਗੀਤ ਦੇ 150 ਸਾਲ ਪੂਰੇ ਹੋਣ ’ਤੇ ਸੰਸਦ ’ਚ ਚਰਚਾ।
ਦੱਸ ਦਈਏ ਕਿ ਸਾਲ 1997 ਵਿਚ ਭਾਰਤ ਦੇ ਪ੍ਰਸਿੱਧ ਸੰਗੀਤਕਾਰ ਏ.ਆਰ. ਰਹਿਮਾਨ ਵੱਲੋਂ ਇਸ ਗੀਤ ਦੀ ਸਭ ਤੋਂ ਪ੍ਰਸਿੱਧ ਆਧੁਨਿਕ ਧੁਨ ਏ.ਆਰ. ਰਹਿਮਾਨ ਵੱਲੋਂ ਤਿਆਰ ਕੀਤੀ ਗਈ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ ’ਤੇ ਆਪਣੀ ਐਲਬਮ ‘ਵੰਦੇ ਮਾਤਰਮ’ ਵਿਚ ਇਹ ਗੀਤ ਗਾਇਆ, ਜੋ ਸਿੱਧਾ ਨੌਜਵਾਨਾਂ ਦੇ ਦਿਲਾਂ ਵਿਚ ਉਤਰ ਗਿਆ। ਉਨ੍ਹਾਂ ਦੀ ਇਸ ਧੁੰਨ ਨੇ ਇਸ ਗੀਤ ਨੂੰ ਸੰਸਾਰਕ ਪੱਧਰ ’ਤੇ ਪਛਾਣ ਦਿੱਤੀ।