ਆਸਟਰੇਲੀਆ ਦੀ ਮੁਟਿਆਰ ਦੇ ਕਤਲ ਕੇਸ ਵਿਚ ਪੰਜਾਬੀ ਵਿਅਕਤੀ ਦੋਸ਼ੀ ਕਰਾਰ
ਨੌਜੁਆਨ ਮੁਟਿਆਰ ਦੇ ਕਤਲ ਕੇਸ ਵਿਚ ਪੰਜਾਬੀ ਵਿਅਕਤੀ ਦੋਸ਼ੀ ਕਰਾਰ
ਕੇਅਰਨਜ਼ : 40 ਸਾਲ ਦੇ ਪੰਜਾਬੀ ਰਾਜਵਿੰਦਰ ਸਿੰਘ ਨੂੰ ਆਸਟਰੇਲੀਆ ’ਚ ਇਕ 24 ਸਾਲ ਦੀ ਟੋਇਆਹ ਨੌਰਡਿੰਗਲੇ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਹੈ। ਰਾਜਵਿੰਦਰ ਸਿੰਘ ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ ਵਿਚ ਨਰਸ ਵਜੋਂ ਕੰਮ ਕਰਦਾ ਸੀ। 22 ਅਕਤੂਬਰ 2018 ਨੂੰ ਉਹ ਆਸਟਰੇਲੀਆ ਦੇ ਇਕ ਸੁੰਨਸਾਨ ਵਾਂਗੇਟੀ ਬੀਚ ਉਤੇ ਬੈਠਾ ਸੀ ਜਦੋਂ ਟੋਇਆਹ ਨੌਰਡਿੰਗਲੇ ਅਪਣੇ ਕੁੱਤੇ ਨੂੰ ਘੁਮਾਉਣ ਉਥੇ ਪਹੁੰਚੀ। ਕੁੱਤਾ ਰਾਜਵਿੰਦਰ ਸਿੰਘ ਉਤੇ ਭੌਂਕਿਆ, ਜਿਸ ਕਾਰਨ ਰਾਜਵਿੰਦਰ ਨੂੰ ਗੁੱਸਾ ਆ ਗਿਆ।
ਦਸਿਆ ਜਾਂਦਾ ਹੈ ਕਿ ਉਹ ਪਹਿਲਾਂ ਹੀ ਅਪਣੀ ਪਤਨੀ ਨਾਲ ਲੜ ਕੇ ਆਇਆ ਹੋਇਆ ਸੀ ਅਤੇ ਉਸ ਨੂੰ ਉਸ ਸਮੇਂ ਏਨਾ ਗੁੱਸਾ ਆਇਆ ਕਿ ਉਸ ਨੇ ਅਪਣੇ ਕੋਲ ਪਏ ਰਸੋਈ ਦੇ ਚਾਕੂ ਨਾਲ 25-26 ਵਾਰ ਕਰ ਕੇ ਟੋਇਆਹ ਦਾ ਕਤਲ ਕਰ ਦਿਤਾ। ਰਾਜਵਿੰਦਰ ਸਿੰਘ ਨੇ ਉਸ ਦੀ ਲਾਸ਼ ਨੂੰ ਰੇਤ ਦੇ ਇਕ ਟਿੱਲੇ ਅੰਦਰ ਦੱਬ ਦਿਤਾ ਅਤੇ ਪਰਵਾਰ ਨੂੰ ਕੁੱਝ ਦੱਸੇ ਬਗੈਰ ਭਾਰਤ ਪਰਤ ਆਇਆ। ਪੁਲਿਸ ਨੂੰ ਰਾਜਵਿੰਦਰ ਸਿੰਘ ਉਤੇ ਤਿੰਨ ਹਫ਼ਤੇ ਬਾਅਦ ਹੀ ਸ਼ੱਕ ਹੋ ਗਿਆ ਸੀ ਕਿਉਂਕਿ ਰਾਜਵਿੰਦਰ ਸਿੰਘ ਦੀ ਕਾਰ ਅਤੇ ਟੋਇਆਹ ਦਾ ਮੋਬਾਈਲ ਫ਼ੋਨ ਦੋਵੇਂ ਇਕ ਹੀ ਰਸਤੇ ਉਤੇ ਜਾ ਰਹੇ ਸਨ।
ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਵੀ ਜਦੋਂ ਭਾਰਤ ਵਿਚ ਆਸਟਰੇਲੀਆ ਦੀ ਪੁਲਿਸ ਨੂੰ ਰਾਜਵਿੰਦਰ ਸਿੰਘ ਨਾ ਮਿਲਿਆ ਤਾਂ ਉਸ ਨੇ ਸੂਹ ਦੇਣ ਲਈ 10 ਲੱਖ ਡਾਲਰ (55 ਕਰੋੜ ਰੁਪਏ) ਦਾ ਹੁਣ ਤਕ ਦਾ ਸਭ ਤੋਂ ਵੱਡਾ ਇਨਾਮ ਰਖਿਆ ਜਿਸ ਤੋਂ ਬਾਅਦ ਨਵੰਬਰ 2022 ਵਿਚ ਰਾਜਿੰਦਰ ਸਿੰਘ ਦਿੱਲੀ ਦੇ ਪੰਜਾਬੀ ਬਾਗ਼ ਸਥਿਤ ਇਕ ਗੁਰਦੁਆਰੇ ’ਚੋਂ ਗ੍ਰਿਫ਼ਤਾਰ ਕਰ ਲਿਆ ਗਿਆ। ਜਿਸ ਤੋਂ ਬਾਅਦ ਅੱਜ ਉਸ ਨੂੰ ਦੋਸ਼ੀ ਕਰਾਰ ਦਿਤਾ ਗਿਆ। ਟੋਇਆਹ ਦੀ ਲਾਸ਼ ਨੇੜੇ ਪਏ ਇਕ ਲੱਕੜ ਦੇ ਟੁਕੜੇ ਉਤੇ ਰਾਜਵਿੰਦਰ ਸਿੰਘ ਦੇ ਡੀ.ਐਨ.ਏ. ਮਿਲੇ ਸਨ ਜਿਸ ਨੇ ਕੇਸ ਨੂੰ ਹੋਰ ਮਜ਼ਬੂਤ ਕੀਤਾ।
ਜਦੋਂ ਹੀ ਰਾਜਵਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿਤਾ ਗਿਆ ਟੋਇਆਹ ਦੇ ਪਿਤਾ ਨੇ ਗੁੱਸੇ ’ਚ ਉਸ ਨੂੰ ਕਿਹਾ, ‘‘ਨਰਕ ’ਚ ਸੜੀਂ।’’ ਜਦਕਿ ਭਾਵਹੀਣ ਬੈਠਾ ਰਾਜਵਿੰਦਰ ਚੁਪਚਾਪ ਹੇਠਾਂ ਵੇਖਦਾ ਰਿਹਾ। ਮੰਗਲਵਾਰ ਨੂੰ ਉਸ ਦੀ ਸਜ਼ਾ ਸੁਣਾਈ ਜਾਣ ਦੀ ਸੰਭਾਵਨਾ ਹੈ। ਉਸ ਦੀ ਸੂਚਨਾ ਦੇਣ ਲਈ ਕਈ ਵਿਅਕਤੀ ਵਿਚ ਇਹ ਇਨਾਮ ਵੰਡਿਆ ਗਿਆ।