ਖੇਤੀ ਕਾਨੂੰਨਾਂ ਖ਼ਿਲਾਫ਼ 27 ਜਨਵਰੀ ਤੋਂ ਹੋਵੇਗਾ ਪੱਛਮੀ ਬੰਗਾਲ ਵਿਧਾਨ ਸਭਾ ਦਾ ਦੋ ਦਿਨਾਂ ਸੈਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਪੀਕਰ ਬਿਮਨ ਬੰਦੋਪਾਧਿਆਏ ਨੂੰ ਇੱਕ ਪੱਤਰ ਭੇਜਿਆ ਗਿਆ ਹੈ, ਜਿਸ ਵਿੱਚ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਬੇਨਤੀ ਕੀਤੀ ਗਈ ਹੈ।

West Bengal

ਕੋਲਕਾਤਾ: ਪੱਛਮੀ ਬੰਗਾਲ ਵਿਧਾਨ ਸਭਾ ਦਾ ਦੋ ਰੋਜ਼ਾ ਵਿਸ਼ੇਸ਼ ਇਜਲਾਸ 27 ਜਨਵਰੀ ਤੋਂ ਸ਼ੁਰੂ ਹੋਵੇਗਾ। ਇਸ ਵਿਸ਼ੇਸ਼ ਇਜਲਾਸ ਵਿਚ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਗੱਲਬਾਤ ਹੋਵੇਗੀ। ਜਾਣਕਾਰੀ ਮੁਤਾਬਕ ਇਸ ਵਿਚ ਸੂਬਾ ਸਰਕਾਰ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਮਤਾ ਪਾਸ ਕਰੇਗੀ ਅਤੇ ਅੰਦੋਲਨਕਾਰੀ ਕਿਸਾਨਾਂ ਦੇ ਮੁੱਦਿਆਂ ‘ਤੇ ਵਿਚਾਰ ਕਰੇਗੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪਾਰਥ ਚੈਟਰਜੀ ਨੇ ਬੀਤੇ ਦਿਨੀ ਪੱਤਰਕਾਰਾਂ ਨੂੰ ਦੱਸਿਆ ਕਿ ਸਪੀਕਰ ਬਿਮਨ ਬੰਦੋਪਾਧਿਆਏ ਨੂੰ ਇੱਕ ਪੱਤਰ ਭੇਜਿਆ ਗਿਆ ਹੈ, ਜਿਸ ਵਿੱਚ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਬੇਨਤੀ ਕੀਤੀ ਗਈ ਹੈ।

ਚੈਟਰਜੀ ਨੇ ਕਿਹਾ ਕਿ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਇਕਜੁਟ ਹੋਣ ਦੀ ਤਜਵੀਜ਼ ਦਾ ਖਰੜਾ ਕਾਂਗਰਸ ਅਤੇ ਖੱਬੇਪਖੀ ਪਾਰਟੀਆਂ ਨੂੰ ਵੀ ਭੇਜਿਆ ਜਾਵੇਗਾ। ਇੱਕ ਜਨਵਰੀ ਨੂੰ ਮੈਂਬਰਾਂ ਅਤੇ ਕਾਂਗਰਸ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਖੇਤੀਬਾੜੀ ਕਾਨੂੰਨਾਂ ਸੰਬੰਧੀ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੀ ਬੇਨਤੀ ਕੀਤੀ ਸੀ। 

ਜਿਕਰਯੋਗ ਹੈ ਕਿ  ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਅੱਜ ਆਪਣੇ ਕਾਫਲੇ 'ਤੇ ਹਮਲੇ ਦੇ ਲਗਪਗ ਇੱਕ ਮਹੀਨੇ ਬਾਅਦ ਪੱਛਮੀ ਬੰਗਾਲ ਦੇ ਪੂਰਬੀ ਵਰਧਮਾਨ ਜ਼ਿਲ੍ਹੇ ਦੇ ਦੌਰੇ 'ਤੇ ਹਨ। ਨੱਡਾ ਆਪਣੇ ਇੱਕ ਦਿਨ ਦੇ ਦੌਰੇ 'ਤੇ ਕਟਵਾ ਵਿੱਚ ਇੱਕ ਰੈਲੀ ਅਤੇ ਵਰਧਮਾਨ ਸ਼ਹਿਰ ਵਿੱਚ ਇੱਕ ਰੋਡ ਸ਼ੋਅ ਕਰਨਗੇ, ਜਿਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।