‘ਨੱਚਦੇ ਤੁਸੀਂ ਦਸ ਬੰਦੇ ਹੋ ਤੇ ਅੰਦੋਲਨ ਸਾਰੇ ਦੀ ਬਦਨਾਮੀ ਹੋ ਜਾਂਦੀ ਆ’: ਗਿੱਲ ਰੌਂਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਦੇ ਸੰਘਰਸ਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ...

Gill Raunta

ਨਵੀਂ ਦਿੱਲੀ: ਕਿਸਾਨਾਂ ਦੇ ਸੰਘਰਸ਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਮੋਦੀ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਪੂਰੇ ਦੇਸ਼ ਦੇ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਲਗਾਤਾਰ ਡਟੇ ਹੋਏ ਹਨ। ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਹੁਣ 8 ਮੀਟਿੰਗਾਂ ਹੋ ਚੁੱਕੀਆਂ ਹਨ ਜੋ ਕਿ ਬੇਸਿੱਟਾ ਰਹੀਆਂ ਸਨ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇੱਥੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਏ ਬਿਨਾਂ ਨਹੀਂ ਜਾਣਗੇ।

ਕਿਸਾਨ ਅੰਦੋਲਨ ‘ਚ ਲਗਾਤਾਰ ਗਾਇਕਾਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ ਜਿੱਥੇ ਅੱਜ ਪੰਜਾਬੀ ਲੇਖਕ ਗਿੱਲ ਰੌਂਤਾ ਨੇ ਕਿਸਾਨ ਮੋਰਚੇ ਦੀ ਸਟੇਜ ਤੋਂ ਕਿਸਾਨ, ਨੌਜਵਾਨਾਂ ਨੂੰ ਭਰੇ ਦਿਲ ਨਾਲ ਬੇਨਤੀ ਕਰਦੇ ਕਿਹਾ ਕਿ ਇਹ ਅੰਦੋਲਨ ਪੰਜਾਬ ਤੋਂ ਤੁਰਿਆ ਹੋਇਆ ਹੁਣ ਪੂਰੇ ਭਾਰਤ ਦਾ ਅੰਦੋਲਨ ਬਣ ਚੁੱਕਿਆ ਹੈ, ਇਸ ਅੰਦੋਲਨ ਨੇ ਬਹੁਤ ਵੱਡਾ ਰੂਪ ਧਾਰਨ ਕਰ ਲਿਆ ਹੈ। ਰੌਂਤਾ ਨੇ ਕਿਹਾ ਕਿ ਇਸ ਸ਼ਾਂਤਮਈ ਅੰਦੋਲਨ ਨੇ ਕਈ ਇਤਿਹਾਸ ਹੁਣ ਤੱਕ ਸਿਰਜੇ ਹਨ ਤੇ ਕਈਂ ਸਿਰਜਣੇ ਹਨ।

ਕਿਸਾਨ ਅੰਦੋਲਨ ‘ਚ ਕਈਂ ਕਿਸਾਨਾਂ/ਨੌਜਵਾਨਾਂ ਵੱਲੋਂ ਸ਼ਰਾਬ ਪੀਤੀ ਜਾਂਦੀ ਹੈ ਜਾਂ ਕਈਂ ਨੱਚਦੇ-ਕੁੱਦ ਦੇ ਹਨ, ਉਨ੍ਹਾਂ ਨੂੰ ਗਿੱਲ ਰੌਂਤਾ ਨੇ ਕਿਹਾ ਇਹ ਅੰਦੋਲਨ ਕਿਸੇ ਹੋਰ ਦਾ ਨਹੀਂ ਸਾਡਾ ਆਪਣਾ ਅੰਦੋਲਨ ਹੈ, ਅਸੀਂ ਇਸਨੂੰ ਇਕੱਠੇ ਹੋ ਕੇ ਲੜਨਾ ਹੈ। ਉਨ੍ਹਾਂ ਕਿਹਾ ਕਿ ਨੱਚਦੇ ਸਿਰਫ਼ 10 ਬੰਦੇ ਹੁੰਦੇ ਹਨ ਤੇ ਬਦਨਾਮੀ ਪੂਰੇ ਅੰਦੋਲਨ ਦੀ ਹੋ ਜਾਂਦੀ ਹੈ ਕਿਉਂਕਿ ਗੋਦੀ ਮੀਡੀਆ ਸਿਰਫ਼ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਲਈ ਇਹੋ-ਜਿਹੀਆਂ ਵੀਡੀਓਜ਼ ਹੀ ਵਾਇਰਲ ਕਰਦੇ ਹਨ।

ਉਨ੍ਹਾਂ ਕਿਹਾ ਕਿ ਅਸੀਂ ਇੱਥੇ ਅੰਦੋਲਨ ਲੜਨ ਆਏ ਹਾਂ, ਸਾਡੇ 60 ਤੋਂ ਵੱਧ ਕਿਸਾਨ ਭਰਾ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਹਨ ਤਾਂ ਕਰਕੇ ਅਸੀਂ ਇੱਥੇ ਨੱਚਦੇ ਚੰਗੇ ਨਹੀਂ ਲਗਦੇ। ਨੌਜਵਾਨਾਂ ਨੂੰ ਸੇਧ ਦਿੰਦੇ ਰੌਂਤਾ ਨੇ ਕਿਹਾ ਕਿ ਅਸੀਂ ਕਿਸਾਨ ਜਥੇਬੰਦੀਆਂ ਦਾ ਭਰੋਸਾ ਬਣਾ ਕੇ ਅਤੇ ਇਨ੍ਹਾਂ ਦੀਆਂ ਬਾਹਾਂ ਬਣੀਏ ਤਾਂ ਜੋ ਅੰਦੋਲਨ ‘ਚ ਅਸੀਂ ਜਿੱਤ ਪ੍ਰਾਪਤ ਕਰ ਸਕੀਏ। ਉਨ੍ਹਾਂ ਕਿਹਾ ਕਿ ਜਿਵੇਂ ਕਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵਰਗੇ ਸਾਡੇ ਪੱਖ ‘ਚ ਹਨ ਤਾਂ ਉਹ ਸਿਰਫ਼ ਸਾਡੇ ਸ਼ਾਂਤਮਈ ਅੰਦੋਲਨ ਕਰਕੇ ਇਸ ਕਰਕੇ ਸਾਨੂੰ ਅੰਦੋਲਨ ਦੇ ਵਿਚ ਕਿਸੇ ਵੀ ਪ੍ਰਕਾਰ ਦੀ ਹੁੰਲੜਬਾਜ਼ੀ ਨਹੀਂ ਕਰਨੀ ਚਾਹੀਦੀ।