ਸੰਸਦ ਤੋਂ ਬਾਅਦ ਕੋਰੋਨਾ ਨੇ ਸੁਪਰੀਮ ਕੋਰਟ 'ਚ ਦਸਤਕ ਦਿਤੀ, 4 ਜੱਜਾਂ ਦੀ ਰਿਪੋਰਟ ਆਈ ਪੌਜ਼ਿਟਿਵ
32 ਜੱਜਾਂ ਵਿਚੋਂ ਚਾਰ ਜੱਜਾਂ ਦੇ ਕੋਰੋਨਾ ਪੌਜ਼ਿਟਿਵ ਹੋਣ ਨਾਲ ਹੁਣ 12.5% ਹੋ ਗਈ ਹੈ ਲਾਗ ਦਰ
ਨਵੀਂ ਦਿੱਲੀ : ਦੇਸ਼ ਭਰ ਵਿਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਆਮ ਲੋਕਾਂ ਦੇ ਨਾਲ-ਨਾਲ ਕਈ ਡਾਕਟਰ ਵੀ ਇਸ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਦੌਰਾਨ ਕੋਰੋਨਾ ਦੀ ਲਾਗ ਸੁਪਰੀਮ ਕੋਰਟ ਦੇ ਜੱਜਾਂ ਤੱਕ ਵੀ ਪਹੁੰਚ ਗਈ ਹੈ।
ਦੱਸ ਦੇਈਏ ਕਿ ਸੁਪਰੀਮ ਕੋਰਟ ਦੇ ਚਾਰ ਮੌਜੂਦਾ ਜੱਜ ਸੰਕਰਮਿਤ ਪਾਏ ਗਏ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਦੋ ਜੱਜਾਂ ਦੀ ਰਿਪੋਰਟ ਪੌਜ਼ਿਟਿਵ ਆਈ ਸੀ। ਇੱਕ ਵਿਸ਼ੇਸ਼ ਰਿਪੋਰਟ ਦੇ ਅਨੁਸਾਰ, ਰਜਿਸਟਰੀ ਦੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ।
ਜਿਸ ਵਿੱਚ ਕਰੀਬ 150 ਕਰਮਚਾਰੀ ਜਾਂ ਤਾਂ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ ਜਾਂ ਇਕਾਂਤਵਾਸ ਵਿੱਚ ਹਨ। ਇਸ ਤਰ੍ਹਾਂ ਸੁਪਰੀਮ ਕੋਰਟ ਵਿੱਚ ਸੀਜੇਆਈ ਐਨਵੀ ਰਮਨਾ ਸਮੇਤ ਕੁੱਲ 32 ਜੱਜਾਂ ਵਿਚੋਂ ਚਾਰ ਜੱਜਾਂ ਦੇ ਕੋਰੋਨਾ ਪੌਜ਼ਿਟਿਵ ਹੋਣ ਦੇ ਨਾਲ ਲਾਗ ਦਰ ਹੁਣ 12.5% ਹੋ ਗਈ ਹੈ।
ਇਸ ਦੇ ਨਾਲ ਹੀ, ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਸੁਪਰੀਮ ਕੋਰਟ ਨੇ 7 ਜਨਵਰੀ ਤੋਂ ਪੂਰੀ ਤਰ੍ਹਾਂ ਵਰਚੁਅਲ ਮੋਡ 'ਤੇ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ ਸੀ। ਸੁਪਰੀਮ ਕੋਰਟ ਨੇ ਆਪਣੇ ਸਾਰੇ ਜੱਜਾਂ ਨੂੰ ਆਪਣੇ ਰਿਹਾਇਸ਼ੀ ਦਫ਼ਤਰਾਂ ਤੋਂ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ, ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਕ ਸਰਕੂਲਰ ਰਾਹੀਂ ਕਿਹਾ ਸੀ ਕਿ 10 ਜਨਵਰੀ ਤੋਂ ਸਿਰਫ ਜ਼ਰੂਰੀ ਮਾਮਲੇ, ਤਾਜ਼ਾ ਮਾਮਲਾ, ਜ਼ਮਾਨਤ ਦੇ ਮਾਮਲੇ, ਨਜ਼ਰਬੰਦੀ ਅਤੇ ਨਿਯਤ ਮਿਤੀ ਦੇ ਕੇਸਾਂ ਨੂੰ ਸੂਚੀਬੱਧ ਕੀਤਾ ਜਾਵੇਗਾ।