ਅਮਰੀਕਾ ਨੂੰ ਅੰਬਾਂ ਅਤੇ ਅਨਾਰਾਂ ਦਾ ਨਿਰਯਾਤ ਜਨਵਰੀ-ਫ਼ਰਵਰੀ ਤੋਂ ਸ਼ੁਰੂ ਕਰੇਗਾ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦਾ ਨਿਰਯਾਤ ਵਧਣ ’ਚ ਮਿਲੇਗੀ ਮਦਦ

India to start exporting mangoes and pomegranates to US from January-February

ਨਵੀਂ ਦਿੱਲੀ : ਵਣਜ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਤੋਂ ਅਮਰੀਕਾ ਨੂੰ ਅੰਬਾਂ ਤੇ ਅਨਾਰਾਂ ਦਾ ਨਿਰਯਾਤ ਇਸ ਸਾਲ ਜਨਵਰੀ-ਫ਼ਰਵਰੀ ਤੋਂ ਸ਼ੁਰੂ ਹੋ ਜਾਵੇਗਾ। ਇਸ ਨਾਲ ਦੇਸ਼ ਦਾ ਖੇਤੀਬਾੜੀ ਨਿਰਯਾਤ ਵਧਾਉਣ ’ਚ ਮਦਦ ਮਿਲੇਗੀ। ਭਾਰਤ ਤੋਂ ਅਨਾਰ ਦੇ ਦਾਣਿਆਂ (ਪਾਮਗ੍ਰੇਨੇਟ ਏਰਿਲ) ਦਾ ਅਮਰੀਕਾ ਨੂੰ ਨਿਰਯਾਤ ਅਤੇ ਅਲਫ਼ਾਲਫ਼ਾ ਚਾਰੇ ਅਤੇ ਚੇਰੀ ਦਾ ਅਮਰੀਕਾ ਤੋਂ ਆਯਾਤ ਵੀ ਇਸ ਸਾਲ ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ।

ਮੰਤਰਾਲੇ ਨੇ ਕਿਹਾ ਕਿ 23 ਨਵੰਬਰ 2021 ਨੂੰ ਹੋਈ 12ਵੀਂ ਭਾਰਤ-ਅਮਰੀਕੀ ਵਪਾਰ ਨੀਤੀ ਮੰਚ ਦੀ ਮੀਟਿੰਗ ਦੇ ਅਨੁਰੂਪ ਖੇਤੀਬਾੜੀ ਤੇ ਕਿਸਾਨ ਕਲਿਆਣ ਵਿਭਾਗ ਅਤੇ ਅਮਰੀਕਾ ਦੇ ਖੇਤੀਬਾੜੀ ਵਿਭਾਗ (ਯੂ.ਐਸ.ਡੀ.ਏ.) ਨੇ ‘2 ਬਨਾਮ 2 ਖੇਤੀਬਾੜੀ ਪਹੁੰਚ ਮੁੱਦਿਆਂ’ ਦੇ ਲਾਗੂ ਦੇ ਲਈ ਰੂਪ ਰੇਖਾ ਸਮਝੌਤੇ ’ਤੇ ਹਸਤਾਖ਼ਰ ਕੀਤੇ ਹਨ। ਇਸ ਸਮਝੌਤੇ ਦੇ ਤਹਿਤ ਅੰਬਾਂ, ਅਨਾਰਾਂ ਅਤੇ ਅਨਾਰ ਦੇ ਦਾਣਿਆਂ ਦੇ ਨਿਰੀਖਣ ਅਤੇ ਨਿਗਰਾਨੀ ਤੰਤਰ ਦੇ ਤਹਿਤ ਭਾਰਤ ਤੋਂ ਇਨ੍ਹਾਂ ਦੇ ਨਿਰਯਾਤ ਅਤੇ ਅਮਰੀਕਾ ਦੀ ਚੈਰੀ ਅਤੇ ਅਲਫ਼ਾਲਫ਼ਾ ਚਾਰੇ ਦੇ ਲਈ ਭਾਰਤ ਦੇ ਬਾਜ਼ਾਰ ’ਚ ਪਹੁੰਚ ਦੇਣਾ ਸ਼ਾਮਲ ਹੈ।

ਮੰਤਰਾਲੇ ਨੇ ਕਿਹਾ ਕਿ ਅੰਬਾਂ ਅਤੇ ਅਨਾਰ ਦਾ ਨਿਰਯਾਤ ਜਨਵਰੀ-ਫ਼ਰਵਰੀ ਅਤੇ ਅਨਾਰ ਦੇ ਦਾਣਿਆਂ ਦਾ ਨਿਰਯਾਤ ਅਪ੍ਰੈਲ ’ਚ ਸ਼ੁਰੂ ਹੋਵੇਗਾ। ਮੰਤਰਾਲੇ ਨੇ ਦਸਿਆ ਕਿ ਪਸ਼ੁਪਾਲਨ ਅਤੇ ਡੇਅਰੀ ਵਿਭਾਗ ਨੇ ਕਿਹਾ ਕਿ ਅਮਰੀਕਾ ਤੋਂ ਆਉਣ ਵਾਲੇ ਸੂਰ ਦੇ ਮਾਸ ਲਈ ਬਾਜ਼ਾਰ ਪਹੁੰਚ ਦੇਣ ਦੀ ਉਸ ਦੀ ਪੂਰੀ ਤਿਆਰੀ ਹੈ। ਵਪਾਰ ਨੀਤੀ ਮੰਚ ਦੀ ਮੀਟਿੰਗ ’ਚ ਇਨ੍ਹਾਂ ਮੁੱਦਿਆਂ ’ਤੇ ਚਰਚਾ ਹੋਈ ਸੀ। ਭਾਰਤ ਨੇ ਬੀਤੇ ਦੋ ਸਾਲ ਤੋਂ ਅਮਰੀਕਾ ਨੂੰ ਅੰਬ ਨਿਰਯਾਤ ਨਹੀਂ ਕੀਤੇ ਹਨ।