ਸੌਦਾ ਸਾਧ ਵਰਗਾ ਇੱਕ ਹੋਰ ਬਲਾਤਕਾਰੀ 'ਜਲੇਬੀ ਬਾਬਾ' - ਦੋਸ਼ ਸਾਬਤ, 9 ਜਨਵਰੀ ਨੂੰ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਸ਼ੀਲੇ ਪਦਾਰਥ ਪਿਲਾ ਕੇ ਕਰਦਾ ਸੀ ਜਿਨਸੀ ਸ਼ੋਸ਼ਣ, ਵੀਡੀਓ ਬਣਾ ਕੇ ਕਰਦਾ ਸੀ 'ਬਲੈਕਮੇਲ'  

Image

 

ਅੰਬਾਲਾ - ਹਰਿਆਣਾ ਦੀ ਫ਼ਤਿਹਾਬਾਦ ਦੀ ਇੱਕ ਅਦਾਲਤ ਸੋਮਵਾਰ ਨੂੰ ਬਲਾਤਕਾਰ ਦੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤੇ 'ਆਪੇ ਬਣੇ ਰੱਬੀ ਪੁਰਸ਼' ਅਮਰਪੁਰੀ ਉਰਫ਼ ਬਿੱਲੂ ਨੂੰ ਸਜ਼ਾ ਸੁਣਾਏਗੀ। ਸਾਧ ਖ਼ਿਲਾਫ਼ ਬਲਾਤਕਾਰ ਦੇ ਦੋਸ਼ 5 ਜਨਵਰੀ ਨੂੰ ਆਇਦ ਹੋਏ ਸਨ। 

ਹਰਿਆਣਾ ਪੁਲਿਸ ਨੇ 2018 ਵਿੱਚ ਫ਼ਤਿਹਾਬਾਦ ਜ਼ਿਲ੍ਹੇ ਦੇ ਟੋਹਾਣਾ ਕਸਬੇ ਤੋਂ ਅਮਰਪੁਰੀ, ਜਿਸ ਨੂੰ 'ਜਲੇਬੀ ਬਾਬਾ' ਵਜੋਂ ਜਾਣਿਆ ਜਾਂਦਾ ਹੈ, ਦੀਆਂ 120 ਕਥਿਤ ਤੌਰ 'ਤੇ 'ਸ਼ੂਟ ਕੀਤੀਆਂ' ਅਸ਼ਲੀਲ ਵੀਡੀਓ ਕਲਿੱਪਿੰਗਾਂ ਬਰਾਮਦ ਕੀਤੀਆਂ ਸੀ ਅਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ।

ਫ਼ਤਿਹਾਬਾਦ ਮਹਿਲਾ ਪੁਲਿਸ ਸੈੱਲ ਦੀ ਤਤਕਾਲੀ ਇੰਚਾਰਜ ਬਿਮਲਾ ਦੇਵੀ ਨੇ ਪੁਸ਼ਟੀ ਕੀਤੀ ਸੀ ਕਿ ਬਾਬਾ ਬਾਲਕ ਨਾਥ ਮੰਦਰ, ਟੋਹਾਣਾ ਦੇ ਦੋਸ਼ੀ ਅਮਰਪੁਰੀ ਦੇ ਮੋਬਾਈਲ ਫ਼ੋਨ ਤੋਂ 120 ਸੈਕਸ ਵੀਡੀਓ ਕਲਿਪਿੰਗ ਬਰਾਮਦ ਕੀਤੀਆਂ ਗਈਆਂ ਸਨ।

ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ, "ਜਾਪਦਾ ਹੈ ਕਿ ਇਨ੍ਹਾਂ ਕਲਿੱਪਿੰਗਾਂ ਵਿੱਚ ਜਿਨਸੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀ ਉਹੀ ਬਾਬਾ ਹੈ, ਹਾਲਾਂਕਿ ਅਸੀਂ ਸਾਈਬਰ ਸੈੱਲ ਤੋਂ ਵੀ ਇਸ ਦੀ ਜਾਂਚ ਕਰਵਾਵਾਂਗੇ। ਪੀੜਤ ਔਰਤਾਂ ਵਿੱਚੋਂ ਦੋ ਪਹਿਲਾਂ ਹੀ ਸਾਹਮਣੇ ਆ ਚੁੱਕੀਆਂ ਹਨ, ਹਾਲਾਂਕਿ ਅਜੇ ਇਹ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਕੀ ਉਨ੍ਹਾਂ ਦੇ ਵੀਡੀਓ ਵੀ ਤਿਆਰ ਕੀਤੇ ਗਏ ਸਨ। ਸਾਰੀਆਂ ਵੀਡੀਓ ਕਲਿਪਿੰਗਾਂ ਮੋਬਾਈਲ ਫ਼ੋਨ ਨਾਲ ਬਣਾਈਆਂ ਗਈਆਂ ਹਨ।

ਅਧਿਕਾਰੀਆਂ ਅਨੁਸਾਰ ਜਾਂਚ ਤੋਂ ਪਤਾ ਲੱਗਿਆ ਹੈ ਕਿ ਔਰਤਾਂ ਬਾਬੇ ਕੋਲ ਆਪਣੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ, ਮਨ 'ਚ ਇਹ ਧਾਰ ਕੇ ਆਉਂਦੀਆਂ ਸਨ ਕਿ ਉਨ੍ਹਾਂ ਨੂੰ ਕੋਈ 'ਓਪਰੀ ਕਸਰ' ਹੈ ਜਾਂ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਸੰਬੰਧ ਕਿਸੇ ਕਿਸੇ ਭੂਤ-ਪ੍ਰੇਤ ਨਾਲ ਹੈ।

“ਮੁਲਜ਼ਮ ਸਾਧ ਇੱਕ ਤਾਂਤਰਿਕ (ਜਾਦੂਗਰ) ਹੈ, ਜੋ ਔਰਤਾਂ ਨੂੰ ਕਿਸੇ ਤਰਲ ਪਦਾਰਥ ਵਿੱਚ ਮਿਲਾ ਕੇ ਨਸ਼ੀਲੇ ਪਦਾਰਥ ਪਿਲਾ ਦਿੰਦਾ ਸੀ ਅਤੇ ਫ਼ੇਰ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਦਾ ਸੀ। ਸਾਧ ਇਨ੍ਹਾਂ ਵੀਡੀਓ ਦੀ ਵਰਤੋਂ ਕਰਕੇ ਔਰਤਾਂ ਨੂੰ ਬਲੈਕਮੇਲ ਕਰਦਾ ਸੀ ਅਤੇ ਉਨ੍ਹਾਂ ਤੋਂ ਪੈਸੇ ਵਸੂਲਦਾ ਸੀ।" ਬਿਮਲਾ ਦੇਵੀ ਨੇ ਦੱਸਿਆ।